ਅੰਮ੍ਰਿਤਸਰ ਜੌਡ਼ਾ ਫਾਟਕ ਰੇਲ ਹਾਦਸੇ ਦੇ ਪੀਡ਼ਤਾਂ ਦੀ ਜਿਥੇ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਹਰ ਸੰਭਵ ਮਦਦ ਕਰ ਰਿਹਾ ਹੈ, ਉਥੇ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਪੀਡ਼ਤ ਪਰਿਵਾਰਾਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ। ਇਸੇ ਕਡ਼ੀ ’ਚ ਪੰਜਾਬ ਰੇਡੀਓ ਲੰਡਨ ਨੇ ਮਾਰੇ ਗਏ 21 ਪਰਿਵਾਰਾਂ ਦੀਆਂ ਲੋਡ਼ਾਂ ਨੂੰ ਧਿਆਨ ’ਚ ਰੱਖਦਿਅਾਂ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ। ਇਸ ਮੌਕੇ ਲੰਡਨ ਤੋਂ ਵਿਸ਼ੇਸ਼ ਤੌਰ ’ਤੇ ਆਏ ਰੇਡੀਓ ਦੇ ਐੱਮ. ਡੀ. ਸੁਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਲੋਡ਼ਵੰਦ ਪਰਿਵਾਰਾਂ ਦੀ ਸਹਾਇਤਾ ਲਈ ਇਹ ਕਦਮ ਸਾਡੇ ਸਰੋਤਿਆਂ ਦੀ ਪਹਿਲਕਦਮੀ ’ਤੇ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੇ ਦਿਨ ਤੋਂ ਹੀ ਲੰਡਨ ਬੈਠੇ ਪ੍ਰਵਾਸੀ ਪੰਜਾਬੀਆਂ ਦੇ ਫੋਨ ਸਹਾਇਤਾ ਲਈ ਆਉਣ ਲੱਗੇ ਸਨ ਤੇ ਅੱਜ ਅਸੀਂ ਇਹ ਰਾਸ਼ੀ ਦੇ ਕੇ ਚੱਲੇ ਹਾਂ। ਉਨ੍ਹਾਂ ਲੋਡ਼ਵੰਦ ਪਰਿਵਾਰਾਂ ਤੱਕ ਪਹੁੰਚਣ ਲਈ ਜ਼ਿਲਾ ਪ੍ਰਸ਼ਾਸਨ ਤੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਕੀਤੀ ਮਦਦ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ। ਡੀ. ਸੀ. ਸੰਘਾ ਨੇ ਇਸ ਮੌਕੇ ਲੋਡ਼ਵੰਦਾਂ ਦੀ ਸਹਾਇਤਾ ਲਈ ਸਮਾਜ ਸੇਵੀ ਸੰਸਥਾਵਾਂ ਦੇ ਅੱਗੇ ਆਉਣ ਨੂੰ ਸ਼ੁਭ ਕਾਰਜ ਦੱਸਦਿਅਾਂ ਕਿਹਾ ਕਿ ਜੇਕਰ ਅਸੀਂ ਸਾਰੇ ਲੋਡ਼ਵੰਦਾਂ ਦੀ ਮਦਦ ਲਈ ਇਸੇ ਤਰ੍ਹਾਂ ਤਤਪਰ ਰਹੀਏ ਤਾਂ ਸਮਾਜ ਦਾ ਵੱਡਾ ਵਰਗ ਜੋ ਕਿ ਰੋਜ਼ਾਨਾ ਦੀਆਂ ਲੋਡ਼ਾਂ ਤੋਂ ਵੀ ਵਿਹੂਣਾ ਹੈ, ਦੀਆਂ ਲੋਡ਼ਾਂ ਅਾਸਾਨੀ ਨਾਲ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਮੇਅਰ ਨੇ ਇਸ ਮਦਦ ਲਈ ਪੰਜਾਬ ਰੇਡੀਓ ਦਾ ਧੰਨਵਾਦ ਕਰਦਿਅਾਂ ਕਿਹਾ ਕਿ ਇਨ੍ਹਾਂ ਨੇ ਮਦਦ ਲਈ ਆਪ ਮੇਰੇ ਨਾਲ ਰਾਬਤਾ ਕੀਤਾ ਤੇ ਮੈਂ ਡੀ. ਸੀ. ਸਾਹਿਬ ਦੀ ਮਦਦ ਨਾਲ ਲੋਡ਼ਵੰਦ ਪਰਿਵਾਰਾਂ ਤੱਕ ਇਹ ਰਾਸ਼ੀ ਪੁੱਜਦੀ ਕਰਨ ਦਾ ਫੈਸਲਾ ਲਿਆ। ਇਸ ਮੌਕੇ ਸ਼ਿਵਰਾਜ ਸਿੰਘ ਬੱਲ ਸਹਾਇਕ ਕਮਿਸ਼ਨਰ, ਹਰਮਿੰਦਰ ਸਿੰਘ ਬਸਰਾ, ਕੰਵਲਜੀਤ ਸਿੰਘ ਜੌਲੀ, ਜਤਿੰਦਰ ਕੌਰ ਘੁੰਮਣ, ਸਰਪੰਚ ਹਰਦੀਪ ਸਿੰਘ ਤੱਗਡ਼ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।