ਚੋਰਾਂ ਵਲੋਂ ਦਿਨ-ਦਿਹਾੜੇ ਨਵੇਂ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਹੱਥ ਸਾਫ ਕਰ ਦਿੱਤਾ ਗਿਆ

Oct 27 2018 03:15 PM

ਪਠਾਨਕੋਟ

ਭੋਆ ਵਿਧਾਨ ਸਭਾ ਖੇਤਰ ਅਧੀਨ ਆਉਂਦੇ ਮੁੱਖ ਮਾਰਗ ਪਰਮਾਨੰਦ ਨਰੋਟ ਜੈਮਲ ਸਿੰਘ 'ਤੇ ਸਥਿਤ ਪਿੰਡ ਨਰਾਇਣਪੁਰ ਵਿਚ ਚੋਰਾਂ ਵਲੋਂ ਦਿਨ-ਦਿਹਾੜੇ ਪਿੰਡ ਦੇ ਬਾਹਰ-ਬਾਹਰ ਬਣੇ ਨਵੇਂ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਹੱਥ ਸਾਫ ਕਰ ਦਿੱਤਾ ਗਿਆ।  ਘਰ ਦੇ ਮਾਲਕ ਨਵਦੀਪ ਸਿੰਘ ਪੁੱਤਰ ਕਿਸ਼ਨ ਚੰਦ ਨੇ ਦੱਸਿਆ ਕਿ ਉਸ ਨੇ ਪਿੰਡ ਤੋਂ ਬਾਹਰ ਸੜਕ ਦੇ ਕਿਨਾਰੇ 'ਤੇ ਆਪਣਾ ਨਵਾਂ ਘਰ ਬਣਾਇਆ ਹੈ, ਜਿਸ 'ਚ ਆਏ ਉਸ ਨੂੰ ਕੁਝ ਦਿਨ ਹੀ ਹੋਏ ਹਨ। ਚੋਰਾਂ ਵਲੋਂ ਦਿਨ-ਦਿਹਾੜੇ ਘਰ ਦਾ ਗੇਟ ਅਤੇ ਕਮਰੇ ਦੇ ਤਾਲੇ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ। ਨਵਦੀਪ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਸੁਨੀਤਾ ਪਿੰਡ ਦੇ ਲਗਭਗ 2 ਕਿਲੋਮੀਟਰ ਦੂਰ ਨਿੱਜੀ ਸਕੂਲ ਰਤਨਗੜ੍ਹ 'ਚ ਬਤੌਰ ਅਧਿਆਪਕ ਕੰਮ ਕਰਦੇ ਹਨ, ਜਦ ਕਿ ਉਨ੍ਹਾਂ ਦਾ ਬੇਟਾ ਸਵਪਨਦੀਪ ਵੀ ਛੇਵੀਂ ਕਲਾਸ 'ਚ ਪੜ੍ਹਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੇਟੇ ਸਮੇਤ ਸਕੂਲ ਗਿਆ ਸੀ ਜਿਸ ਉਪਰੰਤ ਘਰ ਦੀ ਰਖਵਾਲੀ ਲਈ ਉਨ੍ਹਾਂ ਦੇ ਪਿਤਾ ਕਿਸ਼ਨ ਚੰਦ ਆ ਗਏ ਪਰ ਦੁਪਹਿਰ ਇਕ ਵਜੇ ਜਦੋਂ ਖਾਣਾ ਖਾਣ ਲਈ ਆਪਣੇ ਪੁਰਾਣੇ ਘਰ ਪਿੰਡ ਸਾਹਿਬ ਚੱਕ ਗਏ ਤਾਂ ਮੌਕੇ ਮਿਲਦਿਆਂ ਹੀ ਤਿੰਨ ਸਕੂਟਰੀ ਸਵਾਰਾਂ ਨੇ ਘਰ ਅੰਦਰ ਦਾਖਲ ਹੋ ਕੇ ਮੁੱਖ ਕਮਰੇ ਦਾ ਤਾਲਾ ਤੋੜ ਕੇ ਅਲਮਾਰੀ 'ਚ ਰੱਖੀ 20 ਹਜ਼ਾਰ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਉਸ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਤਾਰਾਗੜ੍ਹ ਥਾਣੇ ਵਿਚ ਸ਼ਿਕਾਇਤ ਦਰਜ ਕਰਾਈ ਹੈ, ਜਿਸ ਤਹਿਤ ਤਾਰਾਗੜ੍ਹ ਥਾਣੇ 'ਚ  ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ

  • Topics :

Related News