ਜਲਦ ਹੀ ਸੀ. ਐੱਨ. ਜੀ. ਗੈਸ ਨਾਲ ਸੰਗਤ ਲਈ ਲੰਗਰ ਬਣੇਗਾ

Aug 24 2018 03:34 PM

ਅੰਮ੍ਰਿਤਸਰ  ਸ੍ਰੀ ਦਰਬਾਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ 'ਚ ਜਲਦ ਹੀ ਸੀ. ਐੱਨ. ਜੀ. ਗੈਸ ਨਾਲ ਸੰਗਤ ਲਈ ਲੰਗਰ ਬਣਨ ਲੱਗੇਗਾ। ਅਜੇ ਤੱਕ ਲੰਗਰ ਪਕਾਉਣ ਲਈ ਲੱਕੜੀਆਂ ਤੇ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਸੀ। ਹੁਣ ਸੀ. ਐੱਨ. ਜੀ. ਗੈਸ ਦੀ ਸਪਲਾਈ ਸ਼ਹਿਰ 'ਚ ਲੱਗਣ ਵਾਲੀ ਪਾਈਪ ਲਾਈਨ 'ਚ ਹੋਵੇਗੀ। ਘੀ ਮੰਡੀ ਚੌਂਕ ਤੱਕ ਲਾਈਨ ਦਾ ਕੰਮ ਪੂਰਾ ਹੋ ਚੁੱਕਾ ਹੈ ਤੇ ਹੁਣ ਇਹ ਲਾਈਨ ਸ੍ਰੀ ਦਰਬਾਰ ਸਾਹਿਬ ਤੱਕ ਪੁੱਜਣੀ ਬਾਕੀ ਹੈ। ਇਸ ਤੋਂ ਬਾਅਦ ਗੈਸ ਸਿਲੰਡਰਾਂ ਦੀ ਟਰਾਂਸਪੋਰਟੇਸ਼ਨ ਦੀ ਪਰੇਸ਼ਾਨੀ ਤੇ ਲੱਕੜੀ ਦੇ ਧੂੰਏਂ ਨਾਲ ਹੋਣ ਵਾਲਾ ਪ੍ਰਦੂਸ਼ਣ ਵੀ ਖਤਮ ਹੋਵੇਗਾ। ਇਸ ਨਾਲ ਵਾਤਾਵਰਣ ਦੀ ਵੀ ਰੱਖਿਆ ਹੋਵੇਗੀ। ਐੱਸ. ਜੀ. ਪੀ. ਸੀ. ਵਲੋਂ ਇਸ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਗੁਰੂ ਰਾਮਦਾਸ ਲੰਗਰ ਹਾਲ 'ਚ ਹਰ ਰੋਜ਼ ਸੰਗਤ ਲਈ ਲੰਗਰ ਤਿਆਰ ਕਰਨ ਲਈ ਵੱਡੀ ਗਿਣਤੀ 'ਚ ਬਾਲਣ ਦੀ ਖਪਤ ਹੁੰਦੀ ਹੈ। ਹਰ ਰੋਜ਼ 80 ਕੁਇੰਟਲ ਰੋਟੀਆਂ ਬਣਦੀਆਂ ਹਨ। ਗਰਮੀ 'ਚ 100 ਕੁਇੰਟਲ ਤੱਕ ਆਟੇ ਦਾ ਇਸਤੇਮਾਲ ਹੁੰਦਾ ਹੈ। ਦਾਲਾਂ 20 ਤੋਂ 22 ਕੁਇੰਟਲ ਤੇ ਸਬਜ਼ੀਆਂ 25 ਤੋਂ 30 ਕੁਇੰਟਲ ਬਣਾਉਣ ਲਈ 100 ਐੱਲ. ਪੀ. ਜੀ. ਗੈਸ ਸਿਲੰਡਰਾਂ ਦੀ ਲੋੜ ਹੁੰਦੀ ਹੈ ਇਸ ਤੋਂ ਇਲਾਵਾ 60 ਤੋਂ 70 ਕੁਇੰਟਲ ਲੱਕੜੀ ਦਾ ਇਸਤੇਮਾਲ ਹੁੰਦਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਐੱਸ. ਐੱਸ. ਮਰਵਾਹਾ ਨੇ ਵੀਰਵਾਰ ਨੂੰ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਅਧਿਕਾਰੀਆਂ ਨੂੰ ਐੱਸ. ਜੀ. ਪੀ. ਸੀ. ਤੇ ਗੈਸ ਕੰਪਨੀਆਂ ਦੀ ਮੀਟਿੰਗ ਕਰਾਉਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਦੋਂ ਤੱਕ ਲੰਗਰ ਸੀ. ਐੱਨ. ਜੀ. ਨਾਲ ਤਿਆਰ ਹੋਵੇਗਾ ਤੇ ਪ੍ਰਦੂਸ਼ਣ ਤੋਂ ਮੁਕਤੀ ਮਿਲੇਗੀ। 

  • Topics :

Related News