14 ਅਕਤੂਬਰ ਤੋਂ 3 ਨਵੰਬਰ ਤੱਕ ਗਲੋਬਲ ਕਬੱਡੀ ਲੀਗ

Oct 09 2018 03:43 PM

ਚੰਡੀਗੜ੍ਹ—

ਪੰਜਾਬ ਸਰਕਾਰ ਵੱਲੋਂ 14 ਅਕਤੂਬਰ ਤੋਂ 3 ਨਵੰਬਰ ਤੱਕ ਗਲੋਬਲ ਕਬੱਡੀ ਲੀਗ ਕਰਵਾਈ ਜਾਵੇਗੀ, ਜਿਸ ਦਾ ਉਦਘਾਟਨ ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ 14 ਅਕਤੂਬਰ ਨੂੰ ਹੋਵੇਗਾ।ਇਸ ਲੀਗ ਦੇ ਮੈਚ ਜਲੰਧਰ, ਲੁਧਿਆਣਾ ਤੇ ਮੋਹਾਲੀ 'ਚ ਕਰਵਾਏ ਜਾਣਗੇ ਅਤੇ 3 ਨਵੰਬਰ ਨੂੰ ਮੋਹਾਲੀ ਦੇ ਫੇਜ਼ 9 ਸਥਿਤ ਹਾਕੀ ਸਟੇਡੀਅਮ 'ਚ ਫਾਈਨਲ ਅਤੇ ਸਮਾਪਤੀ ਸਮਾਰੋਹ ਹੋਵੇਗਾ। ਇਸ ਦੇ ਮੁੱਖ ਮਹਿਮਾਨ ਕੈਪਟਨ ਅਮਰਿੰਦਰ ਸਿੰਘ ਹੋਣਗੇ।ਇਹ ਜਾਣਕਾਰੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਿੱਤੀ।

ਰਾਣਾ ਸੋਢੀ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ ਪ੍ਰਾਈਵੇਟ ਸਪਾਂਸਰਾਂ ਦੀ ਮਦਦ ਨਾਲ ਕਰਵਾਈ ਜਾਣ ਵਾਲੀ ਲੀਗ ਦਾ ਸਾਰਾ ਖਰਚਾ ਸਪਾਂਸਰਾਂ ਵੱਲੋਂ ਚੁੱਕਿਆ ਜਾਵੇਗਾ, ਜਦੋਂ ਕਿ ਸਟੇਡੀਅਮ ਅਤੇ ਪ੍ਰਸ਼ਾਸਕੀ ਤੌਰ 'ਤੇ ਬਾਕੀ ਹਰ ਤਰ੍ਹਾਂ ਦੀ ਮਦਦ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਕਬੱਡੀ ਲੀਗ 'ਚ ਛੇ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਦੇ ਨਾਮ ਕੈਲੇਫੋਰਨੀਆ ਈਗਲਜ਼ (ਅਮਰੀਕਾ), ਮੈਪਲ ਲੀਫ (ਕੈਨੇਡਾ), ਸਿੰਘ ਵਾਰੀਅਰਜ਼ (ਪੰਜਾਬ), ਬਲੈਕ ਪੈਂਥਰਜ਼ (ਫਰਿਜ਼ਨੋ, ਅਮਰੀਕਾ), ਹਰਿਆਣਾ ਲਾਇਨਜ਼ (ਭਾਰਤ) ਤੇ ਦੋਆਬਾ ਵਾਰੀਅਰਜ਼ (ਅਮਰੀਕਾ) ਹਨ।ਖੇਡ ਮੰਤਰੀ ਨੇ ਕਿਹਾ ਕਿ ਲੀਗ 'ਚ ਹਰ ਟੀਮ ਦੂਜੀ ਟੀਮ ਨਾਲ ਦੋ-ਦੋ ਮੈਚ ਖੇਡੇਗੀ ਅਤੇ ਇਕ ਟੀਮ ਕੁੱਲ 10 ਮੈਚ ਖੇਡੇਗੀ। ਖੇਡ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲੰਧਰ 'ਚ 14 ਅਕਤੂਬਰ ਨੂੰ ਉਦਘਾਟਨੀ ਸਮਾਰੋਹ ਹੋਵੇਗਾ ਅਤੇ 21 ਅਕਤੂਬਰ ਤਕ ਇੱਥੇ ਲੀਗ ਮੈਚ ਹੋਣਗੇ। ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਹਾਕੀ ਸਟੇਡੀਅਮ 'ਚ 24 ਤੋਂ 29 ਅਕਤੂਬਰ ਤੱਕ ਮੈਚ ਖੇਡੇ ਜਾਣਗੇ।1 ਤੋਂ 3 ਨਵੰਬਰ ਤੱਕ ਮੋਹਾਲੀ 'ਚ ਫਾਈਨਲ ਮੈਚ ਹੋਣਗੇ ਅਤੇ ਇੱਥੇ ਹੀ ਸਮਾਪਤੀ ਸਮਾਰੋਹ ਹੋਵੇਗਾ।

  • Topics :

Related News