19 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਪੁੱਜੇਗੀ 'ਆਟੇ ਦੀ ਚਿੜੀ'

Sep 22 2018 02:49 PM

ਕਿਸੇ ਵੀ ਫਿਲਮ ਦੀ ਤਕਦੀਰ ਕਿ ਇਹ ਹਿੱਟ ਹੋਵੇਗੀ ਜਾਂ ਫਲਾਪ ਉਹ ਤਾਂ ਫਿਲਮ ਦੀ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗਦਾ ਹੈ ਪਰ ਅਸੀਂ ਇਸ ਦੀ ਸਫਲਤਾ ਦਾ ਕਿਸੇ ਹੱਦ ਤੱਕ ਅੰਦਾਜ਼ਾ ਇਸ ਦਾ ਟਰੇਲਰ ਦੇਖ ਕੇ ਲਾ ਸਕਦੇ ਹਾਂ। ਟਰੇਲਰ ਸਾਨੂੰ ਕਹਾਣੀ ਦੀ ਇਕ ਛੋਟੀ ਜਿਹੀ ਝਲਕ ਪੇਸ਼ ਕਰਦੇ ਹਨ ਅਤੇ ਸਾਡੀ ਪੂਰੀ ਕਹਾਣੀ ਨੂੰ ਜਾਣਨ ਦੀ ਉਤਸੁਕਤਾ ਨੂੰ ਵੀ ਵਧਾਉਂਦੇ ਹਨ। ਇਸ ਕਾਰਨ ਹੀ ਫਿਲਮ ਨਿਰਮਾਤਾ ਆਪਣੀ ਪੂਰੀ ਕੋਸ਼ਿਸ਼ ਕਰਦੇ ਹਨ ਟਰੇਲਰ ਰਿਲੀਜ਼ ਕਰਨ ਤੋਂ ਪਹਿਲਾਂ ਉਸ ਨੂੰ ਹੋਰ ਰੋਮਾਂਚਕ ਬਣਾਉਣ ਦੀ। ਇਕ ਅਜਿਹੀ ਹੀ ਫਿਲਮ, ਜਿਸ ਨੂੰ ਲੈ ਕੇ ਦਰਸ਼ਕ ਬਹੁਤ ਹੀ ਜ਼ਿਆਦਾ ਉਤਸੁਕ ਹਨ, ਉਹ ਹੈ 'ਆਟੇ ਦੀ ਚਿੜੀ'। ਇਸ ਫਿਲਮ ਦੇ ਨਿਰਮਾਤਾ ਇਸ ਦਾ ਟਰੇਲਰ 21 ਸਤੰਬਰ 2018 ਨੂੰ ਸ਼ਾਮ 6 ਵਜੇ ਰਿਲੀਜ਼ ਕਰਨ ਜਾ ਰਹੇ ਹਨ ਅਤੇ ਫਿਲਮ 19 ਅਕਤੂਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਇਸ ਫਿਲਮ ਵਿਚ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ•ਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਅਨਮੋਲ ਵਰਮਾ, ਨਿਸ਼ਾ ਬਾਨੋ ਅਤੇ ਹਾਰਬੀ ਸੰਘਾ ਖਾਸ ਕਿਰਦਾਰ ਨਿਭਾ ਰਹੇ ਹਨ। 'ਆਟੇ ਦੀ ਚਿੜੀ' ਨੂੰ ਹੈਰੀ ਭੱਟੀ ਨੇ ਡਾਇਰੈਕਟ ਕੀਤਾ ਹੈ ਅਤੇ ਰਾਜੂ ਵਰਮਾ ਨੇ ਕਹਾਣੀ ਲਿਖੀ ਹੈ। ਇਸ ਪ੍ਰਾਜੈਕਟ ਨੂੰ ਤੇਗ ਪ੍ਰੋਡਕਸ਼ਨਸ ਅਤੇ ਚਰਨਜੀਤ ਸਿੰਘ ਵਾਲੀਆ ਨੇ ਪ੍ਰੋਡਿਊਸ ਕੀਤਾ ਹੈ। ਕੁਝ ਹੀ ਦਿਨ ਪਹਿਲਾਂ ਫਿਲਮ ਦੀ ਪੂਰੀ ਸਟਾਰਕਾਸਟ ਨੇ 'ਆਟੇ ਦੀ ਚਿੜੀ' ਦਾ ਆਫੀਸ਼ੀਅਲ ਪੋਸਟਰ ਰਿਲੀਜ਼ ਕੀਤਾ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਹਾਲ ਹੀ ਵਿਚ ਇਕ ਹੋਰ ਪੋਸਟਰ ਰਿਲੀਜ਼ ਕੀਤਾ ਗਿਆ, ਜਿਸ ਵਿਚ ਫਿਲਮ ਦੇ ਟ੍ਰੇਲਰ ਲਾਂਚ ਦੀ ਤਰੀਕ ਦੱਸੀ ਗਈ ਹੈ। ਸਾਰੇ ਕਲਾਕਾਰਾਂ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ। ਜਿਵੇਂ ਕਿ ਪੋਸਟਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫਿਲਮ ਦੀ ਕਹਾਣੀ ਭਾਰਤ ਅਤੇ ਵਿਦੇਸ਼ ਦੋ ਸਰਹੱਦਾਂ ਦੇ ਵਿਚਕਾਰ ਹੋਵੇਗੀ। ਇਸ ਪੋਸਟਰ ਨੇ ਦਰਸ਼ਕਾਂ ਦੀ ਉਤਸੁਕਤਾ ਵਿਚ ਹੋਰ ਵੀ ਵਾਧਾ ਕੀਤਾ ਹੈ। ਫਿਲਮ ਦੇ ਨਿਰਮਾਤਾਵਾਂ ਨੇ ਕਿਹਾ ਕਿ ਅਸੀਂ ਆਪਣੇ ਵਲੋਂ ਫਿਲਮ 'ਤੇ ਪੂਰੀ ਮਿਹਨਤ ਕੀਤੀ ਹੈ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਨੂੰ ਪਿਆਰ ਦੇਣਗੇ।

  • Topics :

Related News