9 ਹੋਰ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ

Oct 25 2018 03:57 PM

ਅੰਮ੍ਰਿਤਸਰ

ਜੌੜਾ ਫਾਟਕ ਰੇਲ ਹਾਦਸੇ ਦੇ 9 ਹੋਰ ਪੀੜਤ ਪਰਿਵਾਰਾਂ ਨੂੰ ਬੀਤੇ ਦਿਨ ਸਥਾਨਕ ਸਰਕਟ ਹਾਊਸ ਵਿਖੇ ਪੰਜਾਬ ਸਰਕਾਰ ਵੱਲੋਂ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਅਤੇ ਮਾਲ ਅਤੇ ਮੁੜ-ਵਸੇਬਾ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਨਾਲ ਮੇਅਰ ਨਗਰ ਨਿਗਮ ਕਰਮਜੀਤ ਸਿੰਘ ਰਿੰਟੂ ਅਤੇ ਐੱਸ. ਡੀ. ਐੱਮ. ਵਿਕਾਸ ਹੀਰਾ ਵੀ ਮੌਜੂਦ ਸਨ। ਹੁਣ ਤੱਕ ਰੇਲ ਹਾਦਸੇ 'ਚ ਮਾਰੇ ਗਏ 38 ਵਿਅਕਤੀਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ।

ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਉਂਦਿਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਹੈ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰੇਗੀ, ਰਹਿੰਦੇ ਪੀੜਤ ਪਰਿਵਾਰਾਂ ਨੂੰ ਵੀ ਬਹੁਤ ਜਲਦੀ ਵਿੱਤੀ ਸਹਾਇਤਾ ਦੇ ਦਿੱਤੀ ਜਾਵੇਗੀ। ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਰੇਲ ਹਾਦਸੇ 'ਚ ਜ਼ਖਮੀ ਹੋਏ ਸਾਰੇ ਵਿਅਕਤੀਆਂ ਦਾ ਇਲਾਜ ਸੂਬਾ ਸਰਕਾਰ ਵੱਲੋਂ ਮੁਫਤ ਕੀਤਾ ਜਾ ਰਿਹਾ ਹੈ ਅਤੇ ਜ਼ਖਮੀਆਂ ਦੀ ਹਾਲਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਵੀ ਸੂਬਾ ਸਰਕਾਰ ਵੱਲੋਂ 50-50 ਹਜ਼ਾਰ ਦੀ ਵਿੱਤੀ ਸਹਾਇਤਾ ਛੇਤੀ ਹੀ ਦਿੱਤੀ ਜਾਵੇਗੀ।

  • Topics :

Related News