ਖਾਦ ਵਿਕ੍ਰੇਤਾਵਾਂ ਦੀ ਅਚਨਚੇਤ ਚੈਕਿੰਗ

Dec 17 2018 02:39 PM

ਪਠਾਨਕੋਟ

 ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਬੇਹਤਰ ਖੇਤੀ ਪਸਾਰ ਸੇਵਾਵਾਂ ਅਤੇ ਮਿਆਰੀ ਖੇਤੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਹਾੜੀ ਮੁਹਿੰਮ ਨੂੰ ਜਾਰੀ ਰੱਖਦਿਆਂ ਖੇਤੀ ਅਧਿਕਾਰੀਆਂ ਦੀ ਟੀਮ ਵੱਲੋਂ ਬਲਾਕ ਪਠਾਨਕੋਟ ਦੇ ਵੱਖ ਵੱਖ ਖਾਦ ਵਿਕ੍ਰੇਤਾਵਾਂ ਦੀਆ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਖਾਦ ਵਿਕ੍ਰੇਤਾਵਾਂ ਵੱਲੋਂ ਵੇਚੀ ਜਾ ਰਹੀ ਯੂਰੀਆ ਖਾਦ ਦੀ ਸਟਾਕ ਪੁਜੀਸ਼ਨ ਚੈੱਕ ਕੀਤੀ । ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਟੀਮ ਵਿੱਚ ਸੁਦੇਸ਼ ਕੁਮਾਰ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ,ਅਰਮਾਨ ਮਹਾਜਨ,ਅਮਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ ਸ਼ਾਮਿਲ ਸਨ।ਇਸ ਚੈਕਿੰਗ ਦੌਰਾਨ ਕਿਸਾਨਾਂ ਕੋਲੋਂ ਉਨਾਂ ਦੁਆਰਾ ਖਰੀਦੀ ਖੇਤੀ ਸਮੱਗਰੀ ਦੇ ਬਿੱਲ ਵੀ ਚੈੱਕ ਕੀਤੇ ਗਏ। ਨੰਗਲ ਭੁਰ ਵਿਖੇ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਬਲਾਕ ਪਠਾਨਕੋਟ ਅੰਦਰ ਹਾੜੀ ਦੀ ਮੁਹਿੰਮ  ਬਹੁਤ ਹੀ ਸਫਲਤਾ ਪੂਰਵਕ ਚਲ ਰਹੀ ਹੈ।ਉਨਾਂ ਦੱਸਿਆ ਕਿ ਬਲਾਕ ਪਠਾਨਕੋਟ( ਸਮੇਤ ਸੁਜਾਨਪੁਰ ਅਤੇ ਘਰੋਟਾ) ਕਣਕ ਦੀ ਬਿਜਾਈ ਦਾ ਕੰਮ ਤਕਰੀਬਨ ਮੁਕੰਲ ਹੋ ਚੁੱਕਾ ਹੈ। ਉਨਾਂ ਕਿਹਾ ਕਿ ਕਮਾਦ ਦੀ ਕਟਾਈ ਤੋਂ ਬਾਅਦ ਬੀਜੀ ਜਾਣ ਵਾਲੀ ਪਿਛੇਤੀ ਕਣਕ ਦਾ ਬਿਜਾਈ ਅਗਲੇ ਕੁਝ ਦਿਨਾਂ ਦੌਰਾਨ ਮੁਕੰਮਲ ਹੋ ਜਾਵੇਗੀ ।ਉਨਾਂ ਕਿਹਾ ਕਿ ਕਣਕ ਦੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਯੂਰੀਆਂ ਖਾਦ ਦੀ ਵਰਤੋਂ ਸਿਫਾਰਸ਼ਾਂ ਅਨੁਸਾਰ ਦੋ ਬੈਗ ਪ੍ਰਤੀ ਏਕੜ ਹੀ ਵਰਤੀ ਜਾਵੇ। ਉਨਾਂ ਕਿਹਾ ਕਿ ਜੇਕਰ ਯੂਰੀਆ ਖਾਦ ਕਣਕ ਦੀ ਬਿਜਾਈ ਸਮੇਂ ਫਸਲ ਨੂੰ ਪਾਈ ਗਈ ਤਾਂ ਇੱਕ ਬੈਗ ਪਾਣੀ ਲਾਉਣ ਤੋਂ 7 ਦਿਨ ਪਹਿਲਾਂ ਜਾਂ ਪਾਣੀ ਲਾਉਣ ਤੋਂ 5 ਦਿਨ ਬਾਅਦ ਪਾ ਦੇਣੀ ਚਾਹੀਦੀ ਅਤੇ ਦੂਜੀ ਕਿਸ਼ਤ ਫਸਲ ਨੂੰ ਦੂਜਾ ਪਾਣੀ ਲਾਉਣ ਤੋਂ ਬਾਅਦ ਪਾ ਦੇਣੀ ਚਾਹੀਦੀ। ਉਨਾਂ ਕਿਹਾ ਕਿ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ ਠੀਕ ਸਮੇਂ ਤੇ ਬੀਜੀ ਕਣਕ ਨਾਲੋਂ 25% ਯੂਰੀਆ ਘੱਟ ਪਾਉਣੀ ਚਾਹੀਦੀ ਹੈ। ਉਨਾ ਕਿਹਾ ਕਿ ਪਿਛੇਤੀ ਜਾੜ ਮਾਰਨ ਅਤੇ ਪਿਛੇਤੀਆ ਗੰਢਾਂ ਬਨਣ ਸਮੇਂ ਨਾਈਟਰੋਜਨ ਤੱਤ ਦੀ ਘਾਟ ਦੀ ਪੂਰਤੀ ਲਈ 100 ਲਿਟਰ ਪਾਣੀ ਦੇ ਘੋਲ ਵਿੱਚ ਤਿੰਨ ਕਿਲੋ ਯੂਰੀਆ ਪ੍ਰਤੀ ਏਕੜ ਦਾ ਦੋ ਤਰਫਾ  ਛਿੜਕਾਅ ਕਰਨਾ ਚਾਹੀਦਾ। ਉਨਾਂ ਕਿਹਾ ਕਿ ਇਸ ਵਕਤ ਯੂਰੀਆ ਖਾਦ ਕੋਈ ਘਾਟ ਨਹੀਂ ਹੈ। ਉਨਾਂ ਕਿਹਾ ਕਿ ਕੋਈ ਵੀ ਖਾਦ ਵਿਕ੍ਰ੍ਰੇਤਾ ਜਬਰਨ ਕਿਸੇ ਕਿਸਾਨ ਨੂੰ ਯੂਰੀਆ ਖਾਦ ਨਾਲ ਕੋਈ ਵੀ ਖੇਤੀ ਸਮੱਗਰੀ ਜਿਵੇਂ ਸਲਫਰ ਆਦਿ ਨਹੀਂ ਵੇਚ  ਸਕਦਾ। ਉਨਾਂ ਕਿਹਾ ਕਿ ਜੇਕਰ ਕੋਈ ਖਾਦ ਵਿਕ੍ਰੇਤਾ ਯੂਰੀਆ ਖਾਦ ਨਾਲ ਕੋਈ ਹੋਰ ਖੇਤੀ ਸਮੱਗਰੀ ਜਬਰਨ ਵੇਚਦਾ ਪਾਇਆ ਗਿਆਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਖਾਦ ਵਿਕ੍ਰੇਤਾ ਯੂਰੀਆ ਖਾਦ ਨਾਲ ਕੋਈ ਹੋਰ ਖੇਤੀ ਸਮੱਗਰੀ ਜਬਰਨ ਵੇਚਦਾ ਹੈ ਜਾਂ ਯੂਰੀਆ ਖਾਦ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਕਿਸਾਨ, ਖਾਦ ਵਿਕ੍ਰੇਤਾ ਦੀ ਸ਼ਿਕਾਇਤ ਲਿਖਤੀ ਰੂਪ ਵਿੱਚ ਮੁੱਖ ਖੇਤੀਬਾੜੀ ਅਫਸਰ ਜਾਂ ਬਲਾਕ ਖੇਤੀਬਾੜੀ ਅਫਸਰ ਜਾਂ  ਖੇਤੀਬਾੜੀ ਵਿਕਾਸ ਅਫਸਰ ਨੂੰ ਕਰ ਸਕਦਾ ਹੈ। ਉਨਾਂ ਕਿਹਾ ਕਿ ਖਾਦ ਜਾਂ ਕੋਈ ਹੋਰ ਖੇਤੀ ਸਮੱਗਰੀ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲਿਆ ਜਾਵੇ।

  • Topics :

Related News