ਬਾਦਲ ਪਰਿਵਾਰ ਲਈ ਨਵੀਂ ਮੁਸੀਬਤ

Dec 07 2018 01:14 PM

ਬਠਿੰਡਾ:

ਪਹਿਲਾਂ ਹੀ ਵਿਵਾਦਾਂ ਵਿੱਚ ਘਿਰੇ ਬਾਦਲ ਪਰਿਵਾਰ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ਼ ਜੋਜੋ ਨੇ ਬਾਦਲ ਪਰਿਵਾਰ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਜੋਜੋ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਬਾਦਲ, ਬਿਕਰਮ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਤੇ ਹੋਰਾਂ ਖ਼ਿਲਾਫ਼ ਸ਼ਿਕਾਇਤ ਦਾਇਰ ਕੀਤੀ ਹੈ। ਦਰਅਸਲ ਜੋਜੋ ਅਕਾਲੀ ਨੇਤਾਵਾਂ ਵੱਲੋਂ ਰਿਫ਼ਾਇਨਰੀ ਦੇ ‘ਗੁੰਡਾ ਟੈਕਸ’ ਮਾਮਲੇ ’ਚ ਉਨ੍ਹਾਂ ਦਾ ਨਾਮ ਉਛਾਲੇ ਜਾਣ ਤੋਂ ਖ਼ਫ਼ਾ ਸਨ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਬਠਿੰਡਾ ਦੀ ਅਦਾਲਤ ਵੱਲੋਂ 25 ਜਨਵਰੀ ਨੂੰ ਅਗਲੀ ਸੁਣਵਾਈ ਕੀਤੀ ਜਾਵੇਗੀ। ਜੈਜੀਤ ਜੌਹਲ ਨੇ ਆਖਿਆ ਕਿ ਉਹ ਮਾਣਹਾਨੀ ਦੇ ਮਾਮਲੇ ਵਿਚ 10 ਕਰੋੜ ਦੇ ਮੁਆਵਜ਼ੇ ਲਈ ਵੱਖਰਾ ਕੇਸ ਦਾਇਰ ਕਰ ਰਹੇ ਹਨ। ਜੋਜੋ ਨੇ ਆਖਿਆ ਕਿ ਕੇਸ ਵਾਸਤੇ ਕਾਗ਼ਜ਼ਾਤ ਤਿਆਰ ਕਰਨ ਅਤੇ ਕੁਝ ਅਰਸਾ ਬਾਹਰ ਰਹਿਣ ਕਰਕੇ ਉਨ੍ਹਾਂ ਨੂੰ ਕੇਸ ਦਾਇਰ ਕਰਨ ਵਿਚ ਦੇਰੀ ਹੋ ਗਈ। ਉਨ੍ਹਾਂ ਆਖਿਆ ਕਿ ਉਹ ਬਾਦਲਾਂ ਨਾਲ ਸਮਝੌਤਾ ਕਰਨ ਨਾਲੋਂ ਪਿੰਡ ’ਚ ਖੇਤੀ ਕਰਨ ਨੂੰ ਤਰਜੀਹ ਦੇਣਗੇ। ਜੌਹਲ ਦੇ ਵਕੀਲ ਐਡਵੋਕੇਟ ਸੰਦੀਪ ਬਾਘਲਾ ਨੇ ਦੱਸਿਆ ਕਿ ਉਨ੍ਹਾਂ ਨੇ ਦਾਇਰ ਇਸਤਗਾਸੇ ਵਿੱਚ ਕੈਦ ਦੀ ਸਜ਼ਾ ਮੰਗੀ ਹੈ। ਉਨ੍ਹਾਂ ਦੱਸਿਆ ਕਿ 10 ਕਰੋੜ ਰੁਪਏ ਦੇ ਮੁਆਵਜ਼ੇ ਲਈ ਉਹ ਅੱਜ ਵੱਖਰੀ ਸਿਵਲ ਰਿੱਟ ਦਾਇਰ ਕਰਨਗੇ।

  • Topics :

Related News