ਸ਼ੰਮੀ ਵਨਡੇ ਕ੍ਰਿਕਟ ‘ਚ ਸਭ ਤੋਂ ਤੇਜ਼ 100 ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਬਣ ਗਏ

Jan 24 2019 02:52 PM

ਨਵੀਂ ਦਿੱਲੀ:

ਬੁੱਧਵਾਰ ਨੂੰ ਨੇਪੀਅਰ ‘ਚ ਭਾਰਤ ਤੇ ਨਿਊਜ਼ੀਲੈਂਡ ‘ਚ ਵਨਡੇ ਸੀਰੀਜ਼ ਦੀ ਸ਼ੁਰੂਆਤ ਹੋਈ। ਇਸ ‘ਚ ਭਾਰਤ ਨੇ ਨਿਊਜ਼ੀਲੈਂਡ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਕੀਵੀ ਟੀਮ ਖਿਲਾਫ ਸ਼ਾਨਦਾਰ ਸ਼ੁਰੂਆਤ ਕਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀਆਂ ਉਮੀਦਾਂ ਨੂੰ ਪੂਰਾ ਕੀਤਾ। ਇਸ ਦੇ ਨਾਲ ਹੀ ਸ਼ੰਮੀ ਨੇ ਵਨਡੇ ਕ੍ਰਿਕਟ ‘ਚ ਆਪਣੇ 100 ਵਿਕਟ ਵੀ ਪੂਰੇ ਕਰ ਲਏ ਹਨ। ਸ਼ੰਮੀ ਵਨਡੇ ਕ੍ਰਿਕਟ ‘ਚ ਸਭ ਤੋਂ ਤੇਜ਼ 100 ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਬਣ ਗਏ ਹਨ। ਇਸ ਮਾਮਲੇ ‘ਚ ਉਨ੍ਹਾਂ ਨੇ ਇਰਫਾਨ ਪਠਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸ਼ੰਮੀ ਨੇ ਇਹ ਰਿਕਾਰਡ ਆਪਣੇ ਕਰੀਅਰ ਦੇ 56ਵੇਂ ਮੈਚ ‘ਚ ਹਾਸਲ ਕੀਤਾ ਹੈ। ਸ਼ੰਮੀ ਨੇ 100 ਵਿਕਟਾਂ 25.87 ਦੀ ਔਸਤ ਤੇ 5.50 ਇਕੌਨਮੀ ਨਾਲ ਲਏ ਹਨ। ਉਨ੍ਹਾਂ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ 4/35 ਹੈ। ਇਸ ਦੌਰਾਨ ਉਹ ਇੱਕ ਪਾਰੀ ‘ਚ 6 ਵਾਰ 4 ਵਿਕਟਾਂ ਲੈ ਚੁੱਕੇ ਹਨ। ਸਿਰਫ ਸ਼ੰਮੀ ਹੀ ਨਹੀਂ ਇਸ ਮੈਚ ‘ਚ ਭਾਰਤੀ ਸਲਾਮੀ ਬੱਲੇਬਾਜ਼ ਗੱਭਰ ਯਾਨੀ ਸ਼ਿਖਰ ਧਵਨ ਨੇ ਵੀ 103 ਗੇਂਦਾਂ ‘ਤੇ ਆਪਣੀ ਪਾਰੀ ਦੌਰਾਨ 6 ਚੌਕੇ ਲਾਏ। ਉਨ੍ਹਾਂ ਨੇ ਆਪਣਾ 26ਵੀਂ ਵਨਡੇ ਅਰਧ ਸੈਂਕੜਾ ਪੂਰਾ ਕਰ ਲਿਆ ਹੈ। 33 ਸਾਲਾਂ ਧਵਨ ਨੇ ਇੰਟਰਨੈਸ਼ਨਲ ਕਰੀਅਰ ‘ਚ ਸਭ ਤੋਂ ਤੇਜ਼ 5000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਵਨਡੇ ਇੰਟਰਨੈਸ਼ਨਲ ‘ਚ ਸਭ ਤੋਂ ਘੱਟ ਪਾਰੀਆਂ ‘ਚ 5000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ਾਂ ਦੀ ਲਿਸਟ ‘ਚ ਟਾਪ-5 ‘ਚ ਹਨ। ਭਾਰਤ ਦੇ ਲਈ ਸਭ ਤੋਂ ਘੱਟ 114 ਪਾਰੀਆਂ ‘ਚ 5000 ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਹੈ। ਉਧਰ ਸ਼ਿਖਰ ਧਵਨ ਨੇ ਇਹ ਮੁਕਾਮ 118 ਪਾਰੀਆਂ ‘ਚ ਹਾਸਲ ਕੀਤਾ ਹੈ। ਵਿਰਾਟ ਤੋਂ ਇਲਾਵਾ ਸਰ ਵਿਵਿਅਨ ਰਿਚਰਡ 114 ਪਾਰੀਆਂ ‘ਚ ਪੰਜ ਹਜ਼ਾਰ ਦੌੜਾਂ ਬਣਾ ਚੁੱਕੇ ਹਨ। ਹੁਣ ਭਾਰਤ ਤੇ ਨਿਊਜ਼ੀਲੈਂਡ ਦਾ ਅਗਲਾ ਮੈਚ 26 ਜਨਵਰੀ ਨੂੰ ਮਾਉਂਟ ਮਾਉਂਗਾਨੁਈ ‘ਚ ਹੋਵੇਗਾ।

  • Topics :

Related News