ਭਾਰਤ ਨੇ 5 ਮੈਚਾਂ ਦੀ ਲੜੀ ਵਿੱਚ 2-0 ਨਾਲ ਬੜ੍ਹਤ ਬਣਾ ਲਈ

Mar 06 2019 02:01 PM

ਚੰਡੀਗੜ੍ਹ:

ਨਾਗਪੁਰ ਵਿੱਚ ਖੇਡੇ ਜਾ ਰਹੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੇ ਜਿੱਤ ਦਰਜ ਕਰ ਲਈ ਹੈ। ਇਸ ਦੇ ਨਾਲ ਭਾਰਤ ਨੇ 5 ਮੈਚਾਂ ਦੀ ਲੜੀ ਵਿੱਚ 2-0 ਨਾਲ ਬੜ੍ਹਤ ਬਣਾ ਲਈ। ਭਾਰਤ ਨੇ ਆਸਟ੍ਰੇਲੀਆ ਨੂੰ 251 ਦੌੜਾਂ ਦਾ ਟੀਚਾ ਦਿੱਤਾ ਸੀ। ਆਸਟ੍ਰੇਲੀਅਨ ਟੀਮ ਦੇ ਕਪਤਾਨ ਏਰਾਨ ਫਿੰਚ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਭਾਰਤ ਵੱਲੋਂ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ। ਅਖ਼ੀਰਲੇ ਓਵਰ ’ਚ ਤੇਜ਼ ਗੇਂਦਬਾਜ਼ ਵਿਜੈ ਸ਼ੰਕਰ ਨੇ 2 ਵਿਕਟਾਂ ਲੈ ਕੇ ਭਾਰਤ ਨੂੰ ਸ਼ਾਨਦਾਰ ਜਿੱਤ ਦਿਵਾਈ। ਆਸਟ੍ਰੇਲੀਆ ਲਈ ਪੈਟ ਕਮਿੰਸ ਨੇ ਚਾਰ ਵਿਕਟਾਂ ਲਈਆਂ। ਟੀਮ ਇੰਡੀਆ 48.2 ਓਵਰ ਵਿੱਚ 250 ’ਤੇ ਆਲ ਆਊਟ ਹੋਈ ਸੀ ਜਦਕਿ ਆਸਟ੍ਰੇਲੀਆ ਦੀ ਟੀਮ ਅਖੀਰਲੇ ਓਵਰ ਵਿੱਚ 242 ਦੌੜਾਂ ’ਤੇ ਆਲ ਆਊਟ ਹੋ ਗਈ। ਮੈਚ ਦੌਰਾਨ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸਭ ਤੋਂ ਜ਼ਿਆਦਾ 116 ਦੌੜਾਂ ਬਣਾਈਆਂ। ਇਹ ਉਸ ਦੇ ਕਰੀਅਰ ਦਾ 40ਵਾਂ ਸੈਂਕੜਾ ਸੀ। ਉਸ ਨੇ 120 ਗੇਂਦਾਂ ਦੀ ਪਾਰੀ ਖੇਡੀ। ਇਸ ਪਾਰੀ ਵਿੱਚ ਉਸ ਨੇ 10 ਚੌਕੇ ਲਾਏ। ਵਿਜੈ ਸ਼ੰਕਰ ਨੇ 46 ਦੌੜਾਂ ਦਾ ਯੋਗਦਾਨ ਦਿੱਤਾ। ਇਸ ਸਾਲ ਵਿਰਾਟ ਕੋਹਲੀ ਦਾ ਇਹ ਦੂਜਾ ਵਨਡੇਅ ਸੈਂਕੜਾ ਹੈ। ਇਸ ਤੋਂ ਪਹਿਲਾਂ ਉਸ ਨੇ 15 ਜਨਵਰੀ ਨੂੰ ਐਡੀਲੇਡ ਵਿੱਚ ਆਸਟ੍ਰੇਲੀਆ ਖਿਲਾਫ 104 ਦੌੜਾਂ ਦੀ ਪਾਰੀ ਖੇਡੀ ਸੀ। ਕੋਹਲੀ ਨੇ ਆਸਟ੍ਰੇਲੀਆ ਖਿਲਾਫ 7ਵੀਂ ਵਾਰ ਸੈਂਕੜੇ ਵਾਲੀ ਪਾਰੀ ਖੇਡੀ। ਆਪਣੇ ਕੁੱਲ 40 ਸੈਂਕੜਿਆਂ ਲਈ ਉਸ ਨੇ 216 ਪਾਰੀਆਂ ਖੇਡੀਆਂ ਜਦਕਿ ਸਚਿਨ ਤੇਂਦੁਲਕਰ 355 ਪਾਰੀਆਂ ਵਿੱਚ ਇਸ ਅੰਕੜੇ ਤਕ ਪਹੁੰਚੇ ਸੀ।

  • Topics :

Related News