ਸਤੀਸ਼ ਕੌਲ ਅੱਜਕਲ੍ਹ ਆਪਣੀ ਜ਼ਿੰਦਗੀ ਬੇਹੱਦ ਮਾੜੀ ਹਾਲਤ ‘ਚ

Jan 08 2019 02:53 PM

ਚੰਡੀਗੜ੍ਹ:

ਪੰਜਾਬੀ ਸਿਨੇਮਾ ਦੇ ਅਮਿਤਾਭ ਬੱਚਨ ਕਹੇ ਜਾਣ ਵਾਲੇ ਸਤੀਸ਼ ਕੌਲ ਅੱਜਕਲ੍ਹ ਆਪਣੀ ਜ਼ਿੰਦਗੀ ਬੇਹੱਦ ਮਾੜੀ ਹਾਲਤ ‘ਚ ਬਿਤਾ ਰਹੇ ਹਨ। ਉਹ ਇੱਕ-ਇੱਕ ਪੈਸੇ ਲਈ ਮੋਹਤਾਜ਼ ਹੋ ਗਏ। ਸਤੀਸ਼ ਕੌਲ ਦੀ ਹਾਲਤ ‘ਤੇ ਆਖਰਕਾਰ ਪੰਜਾਬ ਸਰਕਾਰ ਨੂੰ ਜਾਗ ਆ ਹੀ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਤੀਸ਼ ਕੌਲ ਦੀ ਹਾਲਤ ਬਾਰੇ ਰਿਪੋਰਟ ਭੇਜਣ ਲਈ ਕਿਹਾ ਹੈ। ਸਤੀਸ਼ ਕੌਲ ਦੀ ਹਾਲਤ ਤੇ ਦਰਦ ਸਾਹਮਣੇ ਆਉਣ ਤੋਂ ਬਾਅਦ ਕੈਪਟਨ ਸਰਕਾਰ ਨੇ ਟਵੀਟ ਕਰ ਚਿੰਤਾ ਜ਼ਾਹਿਰ ਕੀਤੀ ਹੈ। ਸਤੀਸ਼ ਦਾ ਦਰਦ ਉਨ੍ਹਾਂ ਵੱਲੋਂ ਲਿਖੇ ਇਨ੍ਹਾਂ ਸ਼ਬਦਾਂ ਤੋਂ ਸਮਝਿਆ ਜਾ ਸਕਦਾ ਹੈ, “ਮੇਰੇ ਮਰਨ ਦੀ ਜਲਦ ਤਾਰੀਖ ਲਿਖ ਦਿਓ, ਕਿਵੇਂ ਬਰਬਾਦ ਹੋ ਰਿਹਾ ਮੇਰਾ ਬੁਢਾਪਾ ਲਿਖ ਦਿਓ ਤੇ ਲਿਖ ਦਿਓ ਕਿਵੇਂ ਮੇਰੇ ਬੁੱਲ੍ਹ ਖੁਸ਼ੀ ਨੂੰ ਤਰਸ ਰਹੇ ਹਨ, ਕਿਵੇਂ ਬਰਸ ਰਿਹਾ ਮੇਰੀ ਅੱਖਾਂ ਦਾ ਪਾਣੀ ਲਿਖ ਦਿਓ”। ਸਤੀਸ਼ ਕੌਲ ਨੇ 1969 ‘ਚ ਪੁਨੇ ਫ਼ਿਲਮ ਐਂਡ ਟੀਵੀ ਇੰਸਟੀਚਿਊਟ ਆਫ ਇੰਡੀਆ ਤੋਂ ਗ੍ਰੈਜੂਏਸ਼ਨ ਕੀਤੀ, ਜਿੱਥੇ ਉਹ ਜਯਾ ਬੱਚਨ, ਅਮਿਤਾਭ ਬੱਚਨ ਤੇ ਸ਼ਤਰੁਘਨ ਸਿਨ੍ਹਾ ਦੇ ਬੈਚਮੇਟ ਸੀ। 2014 ‘ਚ ਨਹਾਉਣ ਸਮੇਂ ਸਤੀਸ਼ ਡਿੱਗ ਗਏ। ਇਸ ਤੋਂ ਬਾਅਦ ਉਹ ਢਾਈ ਸਾਲ ਬੈੱਡ ‘ਤੇ ਰਹੇ ਤੇ 2015 ‘ਚ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਤੋਂ 11 ਹਜ਼ਾਰ ਰੁਪਏ ਦੀ ਪੈਨਸ਼ਨ ਲੱਗੀ। ਫੇਰ ਉਨ੍ਹਾਂ ਨੇ ਇੱਕ ਐਕਟਿੰਗ ਸਕੂਲ ਖੋਲ੍ਹਿਆ ਜਿਸ ਦੇ ਫਲੌਪ ਹੋਣ ਤੋਂ ਬਾਅਦ ਉਹ ਬਿਰਧ ਆਸ਼ਰਮ ਚਲੇ ਗਏ। ਇੱਥੋਂ ਇੱਕ ਔਰਤ ਉਨ੍ਹਾਂ ਨੂੰ ਆਪਣੇ ਘਰ ਲੈ ਗਈ। ਕਾਂਗਰਸ ਸਰਕਾਰ ਆਉਣ ਤੋਂ ਬਾਅਦ ਪੈਨਸ਼ਨ ਰੋਕ ਦਿੱਤੀ ਗਈ। ਸਤੀਸ਼ ਦਾ ਕਹਿਣਾ ਹੈ ਕਿ ਉਹ ਸਾਂਸਦ ਰਵਨੀਤ ਬਿੱਟੂ ਨੂੰ ਪੈਨਸ਼ਨ ਸ਼ੁਰੂ ਕਰਨ ਤੇ ਘਰ ਦੇਣ ਦੀ ਮੰਗ ਨੂੰ ਲੈ ਕੇ ਕਈ ਵਾਰ ਮਿਲ ਚੁੱਕੇ ਹਨ, ਜੋ ਨਹੀਂ ਮਿਲਿਆ। ਸਤੀਸ਼ ਕੌਲ ਦਾ ਕਹਿਣਾ ਹੈ ਕਿ ਮੈਂ ਧਰਮੇਂਦਰ, ਗੋਵਿੰਦਾ, ਦਿਲੀਪ ਕੁਮਾਰ, ਦੇਵਨੰਦ ਨਾਲ ਫ਼ਿਲਮਾਂ ਕੀਤੀਆਂ ਹਨ। ਸੁਣਿਆ ਹੈ ਕਿ ਧਰਮ ਜੀ ਸਭ ਦੀ ਮਦਦ ਕਰਦੇ ਹਨ ਪਰ ਮੇਰੇ ਕੋਲ ਉਨ੍ਹਾਂ ਦਾ ਨੰਬਰ ਨਹੀਂ। ਜੇਕਰ ਕੋਈ ਉਨ੍ਹਾਂ ਨੂੰ ਦੱਸ ਸਕਦਾ ਹੈ ਤਾਂ ਦੱਸੇ ਕਿ ਮੇਰੀ ਮਦਦ ਕਰਨ।

  • Topics :

Related News