ਸਰਪੰਚ ਲਈ 30 ਹਜ਼ਾਰ ਜਦੋਂਕਿ ਪੰਚਾਂ ਲਈ 20 ਹਜ਼ਾਰ ਰੁਪਏ ਖਰਚ ਦੀ ਹੱਦ ਤੈਅ

Dec 08 2018 02:26 PM

ਚੰਡੀਗੜ੍ਹ:

ਪੰਚਾਇਤੀ ਚੋਣਾਂ ਵਿੱਚ ਇਸ ਵਾਰ ਚੋਣ ਕਮਿਸ਼ਨ ਦੀ ਬਾਜ਼ ਨਜ਼ਰ ਰਹੇਗੀ। ਇਸ ਵਾਰ ਉਮੀਦਵਾਰਾਂ ਵੱਲੋਂ ਵੋਟਰਾਂ ਲਈ ਖੁੱਲ੍ਹੇ ਗੱਫਿਆਂ ਦਾ ਪ੍ਰਬੰਧ ਕਰਨਾ ਕੁਝ ਔਖਾ ਰਹੇਗਾ। ਇਸ ਵਾਰ ਉਮੀਦਵਾਰ ਵੱਲੋਂ ਕੀਤੇ ਜਾਣ ਵਾਲੇ ਖਰਚ ਦੀ ਹੱਦ ਤੈਅ ਕੀਤੀ ਗਈ ਹੈ। ਇਹ ਸਰਪੰਚ ਲਈ 30 ਹਜ਼ਾਰ ਰੁਪਏ ਮਿੱਥੀ ਗਈ ਹੈ, ਜਦੋਂਕਿ ਪੰਚਾਂ ਲਈ 20 ਹਜ਼ਾਰ ਰੁਪਏ ਹੈ। ਇਸ ਦੀ ਉਲੰਘਣਾ ਕਰਨ ਵਾਲਿਆਂ 'ਤੇ 50 ਅਬਜ਼ਰਵਰਾਂ ਦੀ ਅੱਖ ਰਹੇਗੀ। ਯਾਦ ਰਹੇ ਪੰਜਾਬ ਵਿੱਚ 13,276 ਗਰਾਮ ਪੰਚਾਇਤਾਂ ਦੀ ਚੋਣ ਲਈ 30 ਦਸੰਬਰ ਨੂੰ ਵੋਟਾਂ ਪੈਣੀਆਂ ਹਨ। ਇਨ੍ਹਾਂ ਚੋਣਾਂ ਵਿੱਚ 1.27 ਕਰੋੜ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨਗੇ। ਪਿਛਲੇ ਰਿਕਾਰਡ ਮੁਤਾਬਕ ਇਨ੍ਹਾਂ ਚੋਣਾਂ ਵਿੱਚ ਸ਼ਰਾਬ ਦੇ ਪੈਸੇ ਦੀ ਖੁੱਲ੍ਹ ਕੇ ਵਰਤੋਂ ਹੁੰਦੀ ਹੈ। ਇਸ ਲਈ ਇਸ ਵਾਰ ਚੋਣ ਕਮਿਸ਼ਨ ਸਖਤੀ ਦੇ ਰੌਂਅ ਵਿੱਚ ਹੈ। ਚੋਣ ਕਮਿਸ਼ਨ ਮੁਤਾਬਕ ਨਾਮਜ਼ਦਗੀ ਦਾਖਲ ਕਰਨ ਦਾ ਅਮਲ 15 ਦਸੰਬਰ ਨੂੰ ਸ਼ੁਰੂ ਹੋਵੇਗਾ ਤੇ 19 ਦਸੰਬਰ ਤੱਕ ਸਬੰਧਤ ਰਿਟਰਨਿੰਗ ਅਫਸਰ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। 20 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਤੇ 21 ਦਸੰਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। 30 ਦਸੰਬਰ ਦਿਨ ਐਤਵਾਰ ਨੂੰ ਸਵੇਰੇ 8:00 ਤੋਂ ਸ਼ਾਮ 4:00 ਵਜੇ ਤੱਕ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ ਇਸੇ ਦਿਨ ਕੀਤਾ ਜਾਵੇਗਾ।

  • Topics :

Related News