32 ਕਿੱਲੋ ਤੋਂ ਵੱਧ ਸੋਨਾ ਭਾਰਤੀ ਕਸਟਮ ਨੇ ਜ਼ਬਤ ਕੀਤਾ

Dec 07 2018 01:28 PM

ਅੰਮ੍ਰਿਤਸਰ:

ਕੌਮਾਂਤਰੀ ਸਰਹੱਦ 'ਤੇ ਅਟਾਰੀ ਨੇੜੇ ਅਫ਼ਗ਼ਾਨਿਸਤਾਨ ਰਸਤਿਓਂ ਸੇਬਾਂ ਦੇ ਭਰੇ ਟਰੱਕ ਵਿੱਚ ਲੁਕਾ ਕੇ ਭਾਰਤ ਲਿਆਂਦਾ 32 ਕਿੱਲੋ ਤੋਂ ਵੱਧ ਸੋਨਾ ਭਾਰਤੀ ਕਸਟਮ ਨੇ ਜ਼ਬਤ ਕੀਤਾ ਗਿਆ ਹੈ। ਕਾਰਵਾਈ ਪੂਰੀ ਹੋਣ ਤੋਂ ਬਾਅਦ ਬੀਤੀ ਦੇਰ ਰਾਤ ਤਕਰੀਬਨ ਇੱਕ ਵਜੇ ਟਰੱਕ ਦੇ ਚਾਲਕ ਨੂੰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਲਈ ਰਿਹਾਅ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਪਾਕਿਸਤਾਨੀ ਟਰੱਕ ਡਰਾਇਵਰ ਗੁਲ ਖ਼ਾਨ ਪੁੱਤਰ ਮਹੁੱਬਤ ਖ਼ਾਨ ਵਾਸੀ ਜੇਹਲਮ ਪਾਕਿਸਤਾਨ ਜੋ ਟਰੱਕ ਨੰਬਰ LXA 7011 ਅਫ਼ਗਾਨਿਸਤਾਨ ਨਾਲ ਲਗਦੇ ਬਾਰਡਰ ਤੁਰਖ਼ਮ  ਅਫ਼ਗਾਨਿਸਤਾਨ ਤੋਂ ਸੇਬਾਂ ਦਾ ਟਰੱਕ ਲੈ ਕੇ ਭਾਰਤ ਪੁੱਜਾ ਸੀ। ਇਸ ਟਰੱਕ ਵਿਚ 900 ਪੇਟੀਆਂ ਸੇਬ,12 ਪੇਟੀਆ ਕੰਧਾਰੀ ਅਨਾਰ ਲੱਦੇ ਹੋਏ ਸਨ, ਜਿਨ੍ਹਾਂ ਵਿੱਚ ਸੋਨਾ ਲੁਕਾਇਆ ਹੋਇਆ ਸੀ। ਭਾਰਤੀ ਕਸਟਮ ਦੇ ਸਹਾਇਕ ਕਮਿਸ਼ਨਰ ਬਸੰਤ ਕੁਮਾਰ ਨੇ ਇਸ ਟਰੱਕ ਦੀ ਤਲਾਸ਼ੀ ਲਈ ਜਿਸ ਵਿੱਚੋਂ ਸੇਬਾਂ ਦੀਆਂ ਨੌਂ ਪੇਟੀਆਂ ਵਿੱਚੋਂ 27 ਸੋਨੇ ਦੀਆਂ ਇੱਟਾਂ ਮਿਲੀਆਂ, ਜਿਨ੍ਹਾਂ ਦਾ ਵਜ਼ਨ 32 ਕਿੱਲੋ ਤੋਂ ਵੱਧ ਸੀ। ਇਹ ਟਰੱਕ ਅਮਿਨੀ ਸਦੀਰੀ ਐਕਸਪੋਰਟ ਕਾਬੁਲ ਅਫਗਾਨਿਸਤਾਨ ਨੇ ਭਾਰਤ ਦੇ ਯੂਨੀਵਰਸਲ ਸਲੂਸ਼ਨ ਨਵੀਂ ਦਿੱਲੀ ਲਈ ਭੇਜਿਆ ਗਿਆ ਸੀ। ਭਾਰਤੀ ਅਧਿਕਾਰੀਆਂ ਵੱਲੋਂ ਪਾਕਿਸਤਾਨੀ ਕਸਮਟ 'ਤੇ ਸਵਾਲ ਚੁੱਕੇ ਜਾ ਰਹੇ ਹਨ ਕਿ ਉਨ੍ਹਾਂ ਇੰਨੀ ਵੱਡੀ ਮਾਤਰਾ ਵਿੱਚ ਸੋਨੇ ਦੀ ਤਸਕਰੀ ਕਿਵੇਂ ਹੋਣ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਾਲੇ ਪਾਸੇ ਬਕਾਇਦਾ ਤੌਰ 'ਤੇ ਸਕੈਨਰ ਲੱਗੇ ਹੋਏ ਸਨ ਜਦਕਿ ਭਾਰਤ ਵਾਲੇ ਪਾਸੇ ਇਸ ਕੇਂਦਰ ਵਿੱਚ ਨਹੀਂ ਲੱਗੇ ਸਨ ਤੇ ਭਾਰਤੀ ਅਧਿਕਾਰੀਆਂ ਦੀ ਚੌਕਸੀ ਕਾਰਨ ਇਹ ਸੋਨਾ ਫੜਿਆ ਗਿਆ। ਕਸਟਮ ਵਿਭਾਗ ਨੇ ਮੁਢਲੀ ਤਫ਼ਤੀਸ਼ ਤੋਂ ਬਾਅਦ ਪਾਕਿਸਤਾਨ ਦੇ ਡਰਾਈਵਰ ਗੁਲ ਖ਼ਾਨ ਨੂੰ ਰਿਹਾਅ ਕਰ ਦਿੱਤਾ ਹੈ ਜਦਕਿ ਗੱਡੀ ਕਬਜ਼ੇ ਵਿੱਚ ਹੈ।

 

  • Topics :

Related News