ਆਰਬੀਆਈ ਪੈਸਾ ਨਹੀਂ ਦੇ ਰਿਹਾ

Dec 18 2018 03:04 PM

ਦਿੱਲੀ:

ਆਪਣੇ ਬਿਆਨਾਂ ਕਰਕੇ ਆਏ ਦਿਨ ਸੁਰਖੀਆਂ ਵਿੱਚ ਰਹਿਣ ਵਾਲੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਹੁਣ ਅਜਿਹਾ ਬਿਆਨ ਦਿੱਤਾ ਹੈ, ਜੋ ਸਰਕਾਰ ਦੀ ਨੀਂਦ ਉਡਾਉਣ ਲਈ ਕਾਫੀ ਹੈ। ਅਠਾਵਲੇ ਨੇ ਕਿਹਾ ਹੈ ਕਿ ਮੋਦੀ ਸਰਕਾਰ 15 ਲੱਖ ਰੁਪਏ ਦੇਣਾ ਚਾਹੁੰਦੀ ਹੈ, ਪਰ ਆਰਬੀਆਈ ਪੈਸਾ ਨਹੀਂ ਦੇ ਰਿਹਾ। ਜ਼ਿਕਰਯੋਗ ਹੈ ਕਿ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵਿਦੇਸ਼ਾਂ ਵਿੱਚ ਪਏ ਕਾਲੇ ਧਨ ਵਾਲੇ ਮਾਮਲੇ 'ਤੇ ਕਿਹਾ ਸੀ ਕਿ ਇੰਨਾ ਪੈਸਾ ਜੇਕਰ ਦੇਸ਼ ਲਿਆਂਦਾ ਜਾਵੇ ਤਾਂ ਹਰ ਦੇਸ਼ਵਾਸੀ ਦੇ ਖਾਤੇ ਵਿੱਚ 15-15 ਲੱਖ ਰੁਪਏ ਆ ਸਕਦੇ ਹਨ। ਅਠਾਵਲੇ ਨੇ ਕਿਹਾ ਹੈ ਕਿ ਯਕਦਮ 15 ਲੱਖ ਨਹੀਂ ਬਲਕਿ ਹੌਲੀ-ਹੌਲੀ ਮਿਲਣਗੇ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਰਕਮ ਸਰਕਾਰ ਕੋਲ ਨਹੀਂ, ਇਸ ਲਈ ਅਸੀਂ ਆਰਬੀਆਈ ਤੋਂ ਮੰਗ ਰਹੇ ਹਾਂ ਪਰ ਉਹ ਸਾਨੂੰ ਨਹੀਂ ਦੇ ਰਹੇ। ਇਸ ਵਿੱਚ ਕਈ ਤਕਨੀਕੀ ਸਮੱਸਿਆਵਾਂ ਹਨ ਪਰ ਹੌਲੀ-ਹੌਲੀ ਇਹ ਸੰਭਵ ਹੋ ਜਾਵੇਗਾ। ਕੇਂਦਰੀ ਮੰਤਰੀ ਨੇ ਪੀਐਮ ਮੋਦੀ ਦੀ ਜੰਮ ਕੇ ਤਾਰੀਫ਼ ਕੀਤੀ ਅਤੇ ਵਿਰੋਧੀ ਧਿਰਾਂ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਨਰੇਂਦਰ ਮੋਦੀ ਬਹੁਤ ਐਕਟਿਵ ਪ੍ਰਧਾਨ ਮੰਤਰੀ ਹਨ। ਰਾਫਾਲ ਮੁੱਦੇ 'ਤੇ ਵੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਲੀਨ ਚਿੱਟ ਦਿੱਤੀ ਹੈ, ਇਸ ਸਬੰਧੀ ਸਾਰੇ ਦਸਤਾਵੇਜ਼ ਜਮ੍ਹਾ ਕਰਵਾ ਦਿੱਤੇ ਗਏ ਹਨ। ਅਠਾਵਲੇ ਨੇ ਕਿਹਾ ਕਿ ਹੁਣ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਰਿਹਾ ਹੈ, ਬੱਸ ਤਿੰਨ ਚਾਰ ਮਹੀਨਿਆਂ ਦੀ ਗੱਲ ਹੈ ਮੋਦੀ ਮੁੜ ਤੋਂ ਪੀਐਮ ਬਣਨਗੇ। ਉਕਤ ਕੇਂਦਰੀ ਮੰਤਰੀ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਤਿੰਨ ਸੂਬਿਆਂ ਵਿੱਚ ਮਿਲੀ ਜਿੱਤ ਮਗਰੋਂ ਵਿਆਹ ਕਰਕੇ ਪੱਪੂ ਤੋਂ ਪਾਪਾ ਬਣਨ ਦੀ ਸਲਾਹ ਦੇ ਚੁੱਕੇ ਹਨ।

  • Topics :

Related News