ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਾਚੀਨ ਮੰਦਰ ਨੂੰ ਢਾਹੁਣ ਵਿਰੁੱਧ ਪੰਜਾਬ ਵਿੱਚ ਅੰਦੋਲਨ ਤੇਜ਼

Aug 12 2019 02:27 PM

ਜਲੰਧਰ:

ਨਵੀਂ ਦਿੱਲੀ ਦੇ ਤੁਗਲਕਾਬਾਦ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਾਚੀਨ ਮੰਦਰ ਨੂੰ ਢਾਹੁਣ ਵਿਰੁੱਧ ਪੰਜਾਬ ਵਿੱਚ ਅੰਦੋਲਨ ਤੇਜ਼ ਹੋ ਗਿਆ ਹੈ। ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਮੁਖੀ ਸਤਵਿੰਦਰ ਸਿੰਘ ਹੀਰਾ ਤੇ ਸਾਧੂ ਸਮਾਜ ਦੇ ਮੁਖੀ ਸੰਤ ਸਰਵਣ ਦਾਸ ਨੇ 13 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਅਤੇ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਦੀ ਅਪੀਲ ਕੀਤੀ ਹੈ। ਕਈ ਜ਼ਿਲ੍ਹਿਆਂ ਵਿੱਚ ਦੂਜੇ ਦਿਨ ਵੀ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਸੜਕਾਂ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਭ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀਐਮ ਮੋਦੀ ਨੂੰ ਨਿੱਜੀ ਦਖ਼ਲ ਦੇਣ ਦੀ ਮੰਗ ਕੀਤੀ ਹੈ ਤੇ ਇਸ ਮਸਲੇ ਦੇ ਹੱਲ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਹੈ ਜਿਸ ਵਿੱਚ ਚੌਧਰੀ ਸੰਤੋਖ ਸਿੰਘ, ਚਰਨਜੀਤ ਚੰਨੀ, ਅਰੁਣਾ ਚੌਧਰੀ, ਰਾਜਕੁਮਾਰ ਚੱਬੇਵਾਲ ਅਤੇ ਸੁਸ਼ੀਲ ਰਿੰਕੂ ਸ਼ਾਮਲ ਹਨ। ਇਹ ਕਮੇਟੀ ਭਾਈਚਾਰਕ ਸਾਂਝ ਤੋਂ ਇਲਾਵਾ ਇਸ ਮੁੱਦੇ ਨੂੰ ਕੇਂਦਰ ਤੋਂ ਹੱਲ ਕਰਨ ਲਈ ਇੱਕ ਵਿਆਪਕ ਰਣਨੀਤੀ ਵੀ ਤਿਆਰ ਕਰੇਗੀ। ਦੂਜੇ ਦਿਨ ਜਲੰਧਰ, ਕਪੂਰਥਲਾ, ਪਟਿਆਲਾ, ਫਤਹਿਗੜ੍ਹ ਸਾਹਿਬ, ਰੋਪੜ, ਫ਼ਿਰੋਜ਼ਪੁਰ ਆਦਿ ਜ਼ਿਲ੍ਹਿਆਂ ਵਿੱਚ ਆਵਾਜਾਈ ਠੱਪ ਕੀਤੀ ਗਈ। ਹਾਲਾਂਕਿ ਨੈਸ਼ਨਲ ਹਾਈਵੇ ਨੂੰ ਜਾਮ ਤੋਂ ਬਚਾਉਣ ਲਈ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਸਨ। ਬੰਦ ਦੇ ਸਮਰਥਨ ਵਿੱਚ ਅਕਾਲੀ ਦਲ, ਬਸਪਾ ਤੇ ਆਮ ਆਦਮੀ ਪਾਰਟੀ ਦੀ ਸ਼ਮੂਲੀਅਤ ਕਾਰਨ ਦੂਸਰੇ ਦਿਨ ਮਾਹੌਲ ਤਣਾਅਪੂਰਨ ਬਣਿਆ ਰਿਹਾ। ਇਸ ਬਾਰੇ ਸੀਐਮ ਕੈਪਟਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮੁੱਦੇ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਤੇ ਹਰ ਸੰਭਵ ਕਦਮ ਚੁੱਕਣੇ ਚਾਹੀਦੇ ਹਨ। ਕੈਪਟਨ ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਵੀ ਅਪੀਲ ਕੀਤੀ ਕਿ ਡੀਡੀਏ ਕੋਲੋਂ ਇਹ ਥਾਂ ਫਿਰ ਰਵੀਦਾਸ ਕਮੇਟੀ ਨੂੰ ਅਲਾਟ ਕੀਤੀ ਜਾਵੇ।

  • Topics :

Related News