ਰੇਲਵੇ ਮੰਤਰਾਏ ਵੀ ਇਸ ਮਾਮਲੇ 'ਚ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦਾ

Oct 24 2018 04:08 PM

ਗੁਰਦਾਸਪੁਰ

ਦੁਸਹਿਰੇ 'ਤੇ ਅੰਮ੍ਰਿਤਸਰ ਵਿਖੇ ਵਾਪਰੇ ਦੁਖਦਾਈ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿਵਾਉਣ ਅਤੇ ਉਨ੍ਹਾਂ ਦੇ ਰੋਜ਼ਗਾਰ ਦਾ ਪ੍ਰਬੰਧ ਕਰਨ ਲਈ ਅੱਜ ਕਾਂਗਰਸ ਦੇ ਸੀਨੀਅਰ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਬਾਜਵਾ ਨੇ ਇਸ ਘਟਨਾ ਸਬੰਧੀ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਕਰਵਾਉਣ ਤੋਂ ਇਲਾਵਾ ਪੀੜਤਾਂ ਨੂੰ 5-5 ਲੱਖ ਰੁਪਏ ਅਤੇ ਮੁਫਤ ਇਲਾਜ ਕਰਵਾਉਣ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਪੀੜਤ ਪਰਿਵਾਰਾਂ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ ਹੈ।

ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਫਰਜ਼ ਮੁਤਾਬਕ ਕਾਰਵਾਈ ਕੀਤੀ ਹੈ ਪਰ ਰੇਲਵੇ ਮੰਤਰਾਏ ਵੀ ਇਸ ਮਾਮਲੇ 'ਚ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦਾ। ਉਨ੍ਹਾਂ ਕਿਹਾ ਕਿ ਰੇਲਵੇ ਪੁਲਸ ਦੀ ਵੀ ਡਿਊਟੀ ਬਣਦੀ ਹੈ ਕਿ ਉਹ ਅਜਿਹੀਆਂ ਥਾਵਾਂ 'ਤੇ ਸੁਰੱਖਿਆ ਦਾ ਪੁਖਤਾ ਪ੍ਰਬੰਧ ਕਰਦੀ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਸ਼ਹਿਰ 'ਚੋਂ ਭੀੜ-ਭੱੜਕੇ ਵਾਲੀਆਂ ਥਾਵਾਂ ਰਾਹੀਂ ਗੁਜ਼ਰਨ ਮੌਕੇ ਰੇਲ ਗੱਡੀ ਦੇ ਚਾਲਕ ਨੂੰ ਵੀ ਪੂਰੀ ਤਰ੍ਹਾਂ ਸੁਚੇਤ ਹੋਣ ਦੀ ਲੋੜ ਸੀ। ਖਾਸ ਤੌਰ 'ਤੇ ਜਦੋਂ ਪਿਛਲੇ ਕਈ ਦਹਾਕਿਆਂ ਵਾਂਗ ਉਸੇ ਹੀ ਜਗ੍ਹਾ 'ਤੇ ਦੁਸਹਿਰਾ ਮਨਾਇਆ ਜਾਣਾ ਸੀ ਤਾਂ ਗੱਡੀ ਦੇ ਚਾਲਕ ਨੂੰ ਇਸ ਤਿਉਹਾਰ ਦੇ ਮੱਦੇਨਜ਼ਰ ਹੋਰ ਵੀ ਗੰਭੀਰ ਹੋਣ ਦੀ ਲੋੜ ਸੀ ਪਰ ਇਸ ਦੇ ਬਾਵਜੂਦ ਅਜਿਹਾ ਨਹੀਂ ਹੋਇਆ ਅਤੇ ਇੰਨੇ ਲੋਕ ਬੇਹੱਦ ਭਿਆਨਕ ਮੌਤ ਦੇ ਮੂੰਹ 'ਚ ਚਲੇ ਗਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ 'ਚ ਆਪਣਾ ਫਰਜ਼ ਪੂਰਾ ਕਰਦਿਆਂ ਪੀੜਤ ਪਰਿਵਾਰਾਂ ਦੀ ਇੱਛਾ ਅਨੁਸਾਰ ਉਨ੍ਹਾਂ ਨੂੰ ਚੰਗੇ ਰੇਲਵੇ ਸਟੇਸ਼ਨਾਂ 'ਤੇ ਸਟਾਲ ਲਾਉਣ ਦੇ ਲਾਇਸੈਂਸ ਜਾਰੀ ਕਰੇ ਤਾਂ ਜੋ ਇਹ ਪਰਿਵਾਰ ਆਪਣੀ ਰੋਜ਼ੀ-ਰੋਟੀ ਚਲਾ ਸਕਣ।

  • Topics :

Related News