ਬਿਨਾ ਆਰਐਫਆਈਡੀ ਟੈਗ ਦੇ ਦਿੱਲੀ ਵਿੱਚ ਦਾਖਲਾ ਨਹੀਂ

ਨਵੀਂ ਦਿੱਲੀ:

ਕੌਮੀ ਰਾਜਧਾਨੀ ਵਿੱਚ ਅੱਜ ਤੋਂ ਉਨ੍ਹਾਂ ਵਪਾਰਕ ਵਾਹਨਾਂ ਦੀ ਐਂਟਰੀ ਰੋਕ ਦਿੱਤੀ ਜਾਏਗੀ, ਜਿਨ੍ਹਾਂ ਗੱਡੀਆਂ 'ਤੇ ਰੇਡੀਓ ਬਾਰੰਬਾਰਤਾ ਪਛਾਣ ਯਾਨੀ RFID ਟੈਗ ਨਹੀਂ ਲੱਗਾ ਹੋਵੇਗਾ। ਫਿਰ ਚਾਹੇ ਇਹ ਗੱਡੀ ਦੇਸ਼ ਦੇ ਕਿਸੇ ਵੀ ਸੂਬੇ ਦੀ ਕਿਉਂ ਨਾ ਹੋਏ, ਬਿਨਾ ਆਰਐਫਆਈਡੀ ਟੈਗ ਦੇ ਦਿੱਲੀ ਵਿੱਚ ਦਾਖਲਾ ਨਹੀਂ ਹੋ ਸਕੇਗਾ। ਦਿੱਲੀ ਦੇ ਤਿੰਨਾਂ ਨਗਰ ਨਿਗਮਾਂ ਲਈ ਨੋਡਲ ਏਜੰਸੀ ਦੀ ਤਰ੍ਹਾਂ ਕੰਮ ਕਰ ਰਹੀ ਦੱਖਣੀ ਦਿੱਲੀ ਨਗਰ ਨਿਗਮ ਦਾ ਕਹਿਣਾ ਹੈ ਕਿ ਇਸ ਨਾਲ ਕਈ ਫਾਇਦੇ ਹੋਣਗੇ। ਇਨ੍ਹਾਂ ਆਰਐਫਆਈਡੀ ਟੈਗ ਨਾਲ ਟੋਲ ਬੂਥ 'ਤੇ ਟੋਲ ਲਈ ਰੁਕਣਾ ਨਹੀਂ ਹੋਏਗਾ। ਪਰ ਦਿੱਲੀ ਨਗਰ ਨਿਗਮ ਦੇ ਇਸ ਫੈਸਲੇ ਦਾ ਟਰਾਂਸਪੋਰਟ ਦੀਆਂ ਵੱਖ-ਵੱਖ ਯੂਨੀਅਨਾਂ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਆਰਐਫਆਈਡੀ ਟੈਗ ਨਾਲ ਸਿਰਫ ਤੇ ਸਿਰਫ ਐਮਸੀਡੀ ਨੂੰ ਹਜ਼ਾਰਾਂ ਕਰੋੜ ਦਾ ਫਾਇਦਾ ਹੈ। ਨਗਰ ਨਿਗਮ ਮੁਤਾਬਕ ਜਿਸ ਗੱਡੀ 'ਤੇ ਆਰਐਫਆਈਡੀ ਟੈਗ ਹੋਏਗਾ ਉਸਦਾ ਪੂਰਾ ਰਿਕਾਰਡ ਦਰਜ ਕੀਤਾ ਜਾਏਗਾ, ਜਿਸ ਦੇ ਚੱਲਦਿਆਂ 10 ਸਾਲ ਤੋਂ ਜ਼ਿਆਦਾ ਪੁਰਾਣੀ ਗੱਡੀ ਦਿੱਲੀ ਵਿੱਚ ਨਹੀਂ ਆ ਸਕੇਗੀ। ਇਸ ਨਾਲ ਪ੍ਰਦੂਸ਼ਣ ਘਟੇਗਾ। ਟੋਲ ਦੇਣ ਲਈ ਲਾਈਨ ਵਿੱਚ ਲੱਗਣ ਦੀ ਲੋੜ ਨਹੀਂ। ਟੈਗ ਤੋਂ ਸਿੱਧੇ ਪੈਸੇ ਕੱਟੇ ਜਾਣਗੇ। ਟ੍ਰੈਫਿਕ ਬਿਹਤਰ ਹੋਏਗਾ ਤੇ ਟੋਲ 'ਤੇ ਜਾਮ ਨਹੀਂ ਲੱਗੇਗਾ। ਹਰ ਐਂਟਰੀ-ਐਗਜ਼ਿਟ ਦਾ ਰਿਕਾਰਡ ਹੋਏਗਾ। ਦੱਸ ਦੇਈਏ ਜਿਨ੍ਹਾਂ ਗੱਡੀਆਂ 'ਤੇ ਇਹ ਟੈਗ ਨਹੀਂ ਹੋਏਗਾ ਉਨ੍ਹਾਂ ਕੋਲੋਂ ਜ਼ੁਰਮਾਨਾ ਲਿਆ ਜਾਏਗਾ। ਜੇ ਇੱਕ ਹਫ਼ਤੇ ਬਾਅਦ ਵੀ ਉਸ ਗੱਡੀ ਨੇ ਜੇ ਆਰਐਫਆਈਡੀ ਟੈਗ ਨਹੀਂ ਲਿਆ ਤਾਂ ਉਸ ਦਾ ਚਾਰ ਗੁਣਾ ਜ਼ੁਰਮਾਨਾ ਹੋਏਗਾ। ਇਸ ਆਰਐਫਆਈਡੀ ਟੈਗ ਲਈ ਐਮਸੀਡੀ 236 ਰੁਪਏ ਲੈ ਰਹੀ ਹੈ। ਹਰ ਟੈਗ ਵਿੱਚ 100 ਰੁਪਏ ਰੱਖਣੇ ਲਾਜ਼ਮੀ ਹੋਣਗੇ।

  • Topics :

Related News