ਇਸ ਵਾਰ ਅਸਲ ਮੁਕਾਬਲਾ ਅਕਾਲੀ ਦਲ-ਬੀਜੇਪੀ ਤੇ ਕਾਂਗਰਸ ਦੇ ਉਮੀਦਵਾਰਾਂ ਵਿਚਾਲੇ ਹੀ ਨਜ਼ਰ ਆ ਰਿਹਾ

Oct 21 2019 01:54 PM

ਚੰਡੀਗੜ੍ਹ:

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਦਾ ਸਿੱਧਾ ਮੁਕਾਬਲਾ ਅਕਾਲੀ ਦਲ-ਬੀਜੇਪੀ ਗੱਠਜੋੜ ਨਾਲ ਹੈ। ਬੇਸ਼ੱਕ ਆਮ ਆਦਮੀ ਪਾਰਟੀ (ਆਪ) ਤੀਜੀ ਧਿਰ ਵਜੋਂ ਮੈਦਾਨ ਵਿਚ ਨਿੱਤਰੀ ਹੈ ਪਰ ਇਸ ਵਾਰ ਅਸਲ ਮੁਕਾਬਲਾ ਅਕਾਲੀ ਦਲ-ਬੀਜੇਪੀ ਤੇ ਕਾਂਗਰਸ ਦੇ ਉਮੀਦਵਾਰਾਂ ਵਿਚਾਲੇ ਹੀ ਨਜ਼ਰ ਆ ਰਿਹਾ ਹੈ। ਦਿਲਚਸਪ ਹੈ ਕਿ ਅਜੇ ਕੁਝ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਈ ਹਲਕਿਆਂ 'ਚ ਤਿਕੋਣਾ ਤੇ ਕਈਆਂ 'ਚ ਚਾਰ ਪਾਸੜ ਮੁਕਾਬਲਾ ਨਜ਼ਰ ਆਇਆ ਸੀ। ਜ਼ਿਮਨੀ ਚੋਣਾਂ ਵਿੱਚ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਿਤੇ ਨਜ਼ਰ ਨਹੀਂ ਆ ਰਹੇ ਜਦੋਂਕਿ ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਦੋਵਾਂ ਧਿਰਾਂ ਨੇ ਮੁਕਾਬਲੇ ਦਿਲਚਸਪ ਬਣਾ ਦਿੱਤੇ ਸੀ। ਇਸ ਵੇਲੇ ਪੀਡੀਏ ਖਿੱਲਰ ਚੁੱਕਾ ਹੈ। ਇਨ੍ਹਾਂ ਵੱਲੋਂ ਚਾਰੇ ਹਲਕਿਆਂ ਵਿੱਚ ਉਮੀਦਵਾਰ ਵੀ ਨਹੀਂ ਖੜ੍ਹੇ ਹੋ ਸਕੇ। ਪੀਡੀਏ ਦੀ ਇੱਕ ਭਾਈਵਾਲ ਲੋਕ ਇਨਸਾਫ਼ ਪਾਰਟੀ ਵੱਲੋਂ ਹੀ ਦੋ ਹਲਕਿਆਂ ਦਾਖਾ ਤੇ ਫਗਵਾੜਾ ਵਿੱਚ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਇਸ ਵਿਚਲੀ ਦੂਸਰੀ ਧਿਰ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਵੀ ਫਗਵਾੜਾ ਹਲਕੇ ਵਿੱਚ ਆਪਣਾ ਉਮੀਦਵਾਰ ਉਤਾਰਿਆ ਹੈ। ਪੀਡੀਏ ਦੀਆਂ ਬਾਕੀ ਸਾਰੀਆਂ ਧਿਰਾਂ ਫਗਵਾੜਾ ਹਲਕੇ ਦੀ ਸੀਟ ਬਸਪਾ ਨੂੰ ਦੇਣ ਦੀਆਂ ਹਾਮੀ ਸਨ ਪਰ ਬੈਂਸ ਵੱਲੋਂ ਆਪਣੇ ਪੱਧਰ ’ਤੇ ਉੱਥੇ ਆਪਣਾ ਉਮੀਦਵਾਰ ਖੜ੍ਹਾ ਕਰਨ ਕਾਰਨ ਇਸ ਧਿਰ ਵਿੱਚ ਸਭ ਅੱਛਾ ਨਹੀਂ ਰਿਹਾ। ਪੀਡੀਏ ਨੇ ਜਲਾਲਾਬਾਦ ਸੀਟ ਸੀਪੀਆਈ ਲਈ ਛੱਡੀ ਸੀ ਪਰ ਇਹ ਪਾਰਟੀ ਇੱਥੋਂ ਆਪਣਾ ਉਮੀਦਵਾਰ ਹੀ ਨਹੀਂ ਉਤਾਰ ਸਕੀ। ਪੀਡੀਏ ਦੀਆਂ ਸਾਰੀਆਂ ਧਿਰਾਂ ਦੀ ਲੀਡਰਸ਼ਿਪ ਦੀ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਕੋਈ ਸਾਂਝੀ ਰਣਨੀਤੀ ਵੀ ਸਾਹਮਣੇ ਨਹੀਂ ਆਈ ਤੇ ਨਾ ਹੀ ਪੀਡੀਏ ਦੀ ਲੀਡਰਸ਼ਿਪ ਕਿਧਰੇ ਪ੍ਰਚਾਰ ਕਰਦੀ ਹੀ ਦਿੱਸੀ ਹੈ।  

  • Topics :

Related News