ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ੇ ਦੀ ਮੰਗ ਕੀਤੀ

May 18 2019 04:34 PM

ਚੰਡੀਗੜ੍ਹ:

ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। 'ਆਪ' ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼ੁੱਕਰਵਾਰ ਨੂੰ ਬਠਿੰਡਾ 'ਚ ਚੋਣ ਰੈਲੀਆਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਆਪਸੀ ਗਿਟਮਿਟ ਦਾ ਖ਼ੁਲਾਸਾ ਕਰਕੇ ਉਨ੍ਹਾਂ ਵੱਲੋਂ ਸ਼ੁਰੂ ਤੋਂ ਹੀ ਲਗਾਏ ਜਾ ਰਹੇ ਇਨ੍ਹਾਂ ਦੋਸ਼ਾਂ 'ਤੇ ਮੋਹਰ ਲਗਾ ਦਿੱਤੀ ਹੈ, ਕਿ ਇਹ ਦੋਵੇਂ ਸਿਆਸੀ ਪਰਿਵਾਰ ਆਪਸ 'ਚ ਰਲੇ ਹੋਏ ਹਨ, ਇੱਕ ਦੂਜੇ ਦੇ ਹਿੱਤ ਪੂਰਦੇ ਹਨ ਅਤੇ ਗੁਨਾਹਾਂ 'ਤੇ ਪਰਦਾ ਪਾਉਂਦੇ ਹਨ। 'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ 3 ਸਾਲਾਂ ਤੋਂ ਦੋਵਾਂ ਟੱਬਰਾਂ ਵਿਚਾਲੇ ਖੇਡੇ ਜਾ ਰਹੇ 'ਫਰੈਂਡਲੀ ਮੈਚ' ਬਾਰੇ ਲਗਪਗ ਸਾਰਾ ਪੰਜਾਬ ਜਾਣ ਹੀ ਗਿਆ ਸੀ, ਪਰੰਤੂ ਰਹਿੰਦੇ ਭਰਮ-ਭੁਲੇਖੇ ਕੱਲ੍ਹ ਨਵਜੋਤ ਸਿੰਘ ਸਿੱਧੂ ਨੇ ਕੱਢ ਦਿੱਤੇ, ਜੋ ਨਾ ਕੇਵਲ ਕਾਂਗਰਸੀ ਹਨ, ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ 'ਚ ਪ੍ਰਮੁੱਖ ਮੰਤਰੀ ਹਨ। ਮਾਨ ਨੇ ਕਿਹਾ ਕਿ ਜੇਕਰ ਇਨ੍ਹਾਂ ਦੋਵਾਂ ਸਿਆਸੀ ਟੱਬਰਾਂ ਦੀ ਆਪਸੀ ਮਿਲੀਭੁਗਤ ਨਾ ਹੁੰਦੀ ਤਾਂ ਨਾ ਬਾਦਲਾਂ ਵਿਰੁੱਧ ਚੱਲਦੇ ਭ੍ਰਿਸ਼ਟਾਚਾਰ ਦੇ ਕੇਸ ਰਫ਼ਾ-ਦਫ਼ਾ ਹੁੰਦੇ ਅਤੇ ਨਾ ਹੀ ਅੰਮ੍ਰਿਤਸਰ ਅਤੇ ਲੁਧਿਆਣਾ ਸਿਟੀ ਸੈਂਟਰ ਦੇ ਬਹੁ-ਕਰੋੜੀ ਘੁਟਾਲਿਆਂ 'ਚੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਰਾਹਤ ਜਾਂ ਕਲਿੱਨ ਚਿੱਟ ਨਾ ਮਿਲਦੀ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਚਾਹੁੰਦਾ ਤਾਂ ਨਾ ਮਜੀਠੀਆ ਵਰਗੇ ਹੁਣ ਤਕ ਡਰੱਗ ਕੇਸਾਂ 'ਚੋਂ ਬਚੇ ਰਹਿੰਦੇ ਅਤੇ ਨਾ ਹੀ ਬੇਅਦਬੀਆਂ ਅਤੇ ਬਹਿਬਲ ਕਲਾਂ ਦੇ ਗੁਨਾਹਗਾਰ ਬਾਦਲ ਖੁੱਲ੍ਹੇ ਘੁੰਮਦੇ। ਭਗਵੰਤ ਮਾਨ ਨੇ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ 'ਤੇ ਸਫ਼ਾਈਆਂ ਦੇਣ ਦੀ ਜ਼ਰੂਰਤ ਨਹੀਂ, ਸਗੋਂ ਨੈਤਿਕ ਤੌਰ 'ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਵਿਰੋਧੀ ਧਿਰ ਨਾਲ ਨਹੀਂ ਸੱਤਾਧਾਰੀ ਕਾਂਗਰਸ ਨਾਲ ਸੰਬੰਧ ਰੱਖਦੇ ਹਨ।

  • Topics :

Related News