ਪੰਜਾਬ ਦੇ ਪੁਲਿਸ ਮੁਖੀ ਸਾਮੰਤ ਗੋਇਲ, ਮੁਹੰਮਦ ਮੁਸਤਫ਼ਾ ਤੇ ਦਿਨਕਰ ਗੁਪਤਾ ਵਿੱਚੋਂ ਕੋਈ ਇੱਕ ਹੋ ਸਕਦਾ

Feb 05 2019 03:41 PM

ਚੰਡੀਗੜ੍ਹ:

ਪੰਜਾਬ ਦੇ ਪੁਲਿਸ ਮੁਖੀ ਸਾਮੰਤ ਗੋਇਲ, ਮੁਹੰਮਦ ਮੁਸਤਫ਼ਾ ਤੇ ਦਿਨਕਰ ਗੁਪਤਾ ਵਿੱਚੋਂ ਕੋਈ ਇੱਕ ਹੋ ਸਕਦਾ ਹੈ। ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਨੇ ਇਨ੍ਹਾਂ ਤਿੰਨਾਂ ਅਫਸਰਾਂ ਦੀ ਚੋਣ ਕਰਕੇ ਪੰਜਾਬ ਸਰਕਾਰ ਕੋਲ ਸਿਫਾਰਸ਼ ਭੇਜ ਦਿੱਤੀ ਹੈ। ਇਸ ਬਾਰੇ ਆਖਰੀ ਫੈਸਲਾ ਕੈਪਟਨ ਸਰਕਾਰ ਨੇ ਕਰਨਾ ਹੈ। ਮੰਨਿਆ ਜਾ ਰਿਹਾ ਹੈ ਕਿ ਸਾਮੰਤ ਗੋਇਲ ਬਾਜ਼ੀ ਮਾਰ ਸਕਦੇ ਹਨ ਕਿਉਂਕਿ ਉਹ ਤਿੰਨੇ ਅਫਸਰਾਂ ਵਿੱਚੋਂ ਸਭ ਤੋਂ ਸੀਨੀਅਰ ਹਨ। ਇਸ ਵੇਲੇ 1984 ਬੈਚ ਦੇ ਆਈਪੀਐਸ ਅਫ਼ਸਰ ਸਾਮੰਤ ਗੋਇਲ ਕੇਂਦਰੀ ਖੁਫੀਆ ਏਜੰਸੀ ਰਾਅ ਵਿੱਚ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ 1985 ਬੈਚ ਦੇ ਮੁਹੰਮਦ ਮੁਸਤਫ਼ਾ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਤੇ 1987 ਬੈਚ ਦੇ ਦਿਨਕਰ ਗੁਪਤਾ ਪੰਜਾਬ ਇੰਟੈਲੀਜੈਂਸ ਵਿੰਗ ਦੇ ਮੁਖੀ ਹਨ। ਇਸ ਵੇਲੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਹਨ। ਉਨ੍ਹਾਂ ਦਾ ਸੇਵਾਕਾਲ ਕੇਂਦਰ ਸਰਕਾਰ ਵੱਲੋਂ 30 ਸਤੰਬਰ ਤੱਕ ਵਧਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਸੇਵਾਮੁਕਤ ਹੋਣ ਦੀ ਇੱਛਾ ਜਤਾਈ ਹੈ। ਸਾਮੰਤ ਗੋਇਲ ਦਾ ਪਲੜਾ ਇਸ ਲਈ ਵੀ ਭਾਰੀ ਹੈ ਕਿਉਂਕਿ ਉਹ ਕੇਂਦਰੀ ਏਜੰਸੀ ਵਿੱਚ ਕੰਮ ਕਰ ਰਹੇ ਹਨ ਤੇ ਪੰਜਾਬ ਪੁਲਿਸ ਦੀ ਧੜੇਬੰਦੀ ਤੋਂ ਦੂਰ ਹਨ। ਇਸ ਵੇਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਿਚਲੀ ਧੜੇਬੰਦੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਅਫਸਰ ਇੱਕ-ਦੂਜੇ ਖਿਲਾਫ ਹਾਈਕੋਰਟ ਤੱਕ ਪਹੁੰਚੇ ਹੋਏ ਹਨ। ਇਸ ਦਾ ਅਸਰ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਪੈ ਰਿਹਾ ਹੈ। ਇਸ ਧੜੇਬੰਦੀ ਨੂੰ ਦੂਰ ਕਰਨ ਲਈ ਸਾਮੰਤ ਗੋਇਲ ਹੱਥ ਕਮਾਨ ਫੜਾਈ ਜਾ ਸਕਦੀ ਹੈ।

  • Topics :

Related News