ਪ੍ਰਵਾਸੀਆਂ ਦੀ ਆਮਦ 'ਤੇ ਰੋਕ ਲਾਉਣ ਦਾ ਐਲਾਨ

Mar 20 2019 04:12 PM

ਸਿਡਨੀ:

ਆਸਟ੍ਰੇਲੀਆ ਨੇ ਬੁੱਧਵਾਰ ਨੂੰ ਪ੍ਰਵਾਸੀਆਂ ਦੀ ਆਮਦ 'ਤੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਰੋਕ 15% ਤੋਂ ਲੈ ਕੇ 100% ਫ਼ੀਸਦ ਤਕ ਹੈ। ਯਾਨੀ ਕਿ ਆਸਟ੍ਰੇਲੀਆ ਨੇ ਆਪਣੇ ਪ੍ਰਵਾਸੀਆਂ ਦੀ ਆਮਦ ਨੂੰ ਕਈ ਵੱਡੇ ਸ਼ਹਿਰਾਂ ਵਿੱਚ ਤਿੰਨ ਸਾਲ ਲਈ ਰੋਕ ਦਿੱਤਾ ਹੈ ਤੇ ਹੋਰਨਾਂ ਥਾਵਾਂ 'ਤੇ 15% ਘੱਟ ਕਰ ਦਿੱਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੱਲੋਂ ਕੀਤਾ ਗਿਆ ਇਹ ਫੈਸਲਾ ਆਉਂਦੀਆਂ ਚੋਣਾਂ ਮੌਕੇ ਵੋਟਰਾਂ ਦਾ ਗੁੱਸਾ ਸ਼ਾਂਤ ਕਰਨ ਲਈ ਲਿਆ ਹੋ ਸਕਦਾ ਹੈ, ਕਿਉਂਕਿ ਆਸਟ੍ਰੇਲੀਆ ਵਿੱਚ ਆਬਾਦੀ ਵੱਡੇ ਪੱਧਰ 'ਤੇ ਵੱਧ ਰਹੀ ਹੈ ਤੇ ਪ੍ਰਵਾਸੀ ਇਸ ਵਿੱਚ ਜ਼ਿਕਰਯੋਗ ਯੋਗਦਾਨ ਪਾ ਰਹੇ ਹਨ। ਦੂਜੇ ਪਾਸੇ ਨਿਊਜ਼ਲੈਂਡ ਦੇ ਕ੍ਰਾਇਸਟਚਰਚ ਵਿੱਚ ਦੋ ਮਸਜਿਦਾਂ ਵਿੱਚ ਅੱਤਵਾਦੀ ਵੱਲੋਂ ਕੀਤੀ ਗੋਲ਼ੀਬਾਰੀ 'ਚ 50 ਲੋਕਾਂ ਦੀਆਂ ਜਾਨਾਂ ਜਾਣ ਮਗਰੋਂ ਪ੍ਰਵਾਸੀਆਂ ਪ੍ਰਤੀ ਆਸਟ੍ਰੇਲੀਆ ਦਾ ਨਜ਼ਰੀਆ ਵੀ ਬਦਲਿਆ ਜਾਪਦਾ ਹੈ। ਹਾਲਾਂਕਿ, ਹਮਲਾਵਰ ਖ਼ੁਦ ਆਸਟ੍ਰੇਲੀਆਈ ਮੂਲ ਦਾ 28 ਸਾਲ ਦਾ ਨੌਜਵਾਨ ਬ੍ਰੈਂਟਨ ਟੈਰੰਟ ਸੀ ਤੇ ਨਿਊਜ਼ੀਲੈਂਡ ਲਈ ਪ੍ਰਵਾਸੀ ਸੀ। ਮੌਰੀਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜਧਾਨੀ ਕੈਨਬਰਾ ਵਿੱਚ ਜਿੱਥੇ 1,190,000 ਲੋਕਾਂ ਨੂੰ ਪ੍ਰਵਾਸ ਦੀ ਖੁੱਲ੍ਹ ਸੀ, ਜੋ ਹੁਣ ਘਟਾ ਕੇ 1,60,000 ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਦਲਾਅ ਤਹਿਤ 23,000 ਲੋਕ ਨਵੇਂ ਹੁਨਰਮੰਦ ਵੀਜ਼ਾ ਪਾ ਕੇ ਆਸਟ੍ਰੇਲੀਆ ਦੇ ਸ਼ਹਿਰਾਂ ਵਿੱਚ ਵੱਸ ਸਕਦੇ ਹਨ। ਅਜਿਹੇ ਲੋਕ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਤੋਂ ਬਾਹਰ ਤਿੰਨ ਸਾਲ ਤਕ ਰਹਿਣ ਮਗਰੋਂ ਪੱਕੀ ਰਿਹਾਇਸ਼ ਯਾਨੀ ਪੀਆਰ ਪਾ ਸਕਦੇ ਹਨ। ਆਸਟ੍ਰੇਲੀਆ ਦੇ ਪ੍ਰਵਾਸ ਮੰਤਰੀ ਡੇਵਿਡ ਕੋਲਮੈਨ ਨੇ ਦੱਸਿਆ ਕਿ ਹੁਣ ਤੋਂ ਮੈਲਬਰਨ, ਪਰਥ, ਸਿਡਨੀ ਅਤੇ ਗੋਲਡ ਕੋਸਟ ਵਿੱਚ ਪ੍ਰਵਾਸੀਆਂ ਦੀ ਆਮਦ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ 'ਤੇ ਹੱਦੋਂ ਵੱਧ ਬੋਝ ਪੈ ਚੁੱਕਿਆ ਸੀ, ਇਸ ਲਈ ਇੱਥੇ ਰਹਿਣ ਦੀ ਇੱਛਾ ਰੱਖਣ ਵਾਲੇ ਹੁਣ ਪੀਆਰ ਨਹੀਂ ਪਾ ਸਕਦੇ। ਪੀਆਰ ਦੀਆਂ ਅਰਜ਼ੀਆਂ ਪਾਉਣ ਵਾਲਿਆਂ ਨੂੰ ਹੁਣ ਆਪਣੇ ਰਿਹਾਇਸ਼ ਅਤੇ ਕੰਮਕਾਜ ਸਬੰਧੀ ਸਬੂਤ ਦੇਣੇ ਪੈਣਗੇ ਤੇ ਉਸੇ ਆਧਾਰ 'ਤੇ ਹੀ ਫੈਸਲਾ ਲਿਆ ਜਾਵੇਗਾ।

  • Topics :

Related News