ਸਮਰਥਨ ਤੇ ਸਹਿਯੋਗ ਦੇਣ ਲਈ ਜੈਸਿੰਡਾ ਅਰਡਰਨ ਤੇ ਨਿਊਜ਼ੀਲੈਂਡ ਦਾ ਧੰਨਵਾਦ ਕੀਤਾ

Mar 25 2019 03:50 PM

ਦੁਬਈ:

ਦੁਬਈ ਨੇ ਕ੍ਰਾਈਸਟਚਰਚ ਹਮਲੇ ’ਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੀ ਪ੍ਰਤੀਕਿਰਿਆ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਇਸ ਦੇ ਮੱਦੇਨਜ਼ਰ ਦੁਬਈ ਨੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ’ਤੇ ਉਨ੍ਹਾਂ ਦੀ ਤਸਵੀਰ ਦਿਖਾਈ। ਦੱਸ ਦੇਈਏ ਕਿ ਪੀਐਮ ਜੈਸਿੰਡਾ ਅਰਡਰਨ ਨੇ ਹਮਲੇ ਬਾਅਦ ਦੇਸ਼ ਵਿੱਚ ਅਸਾਲਟ ਰਾਈਫਲਾਂ ਤੇ ਸੈਮੀ ਆਟੋਮੈਟਿਕ ਹਥਿਆਰਾਂ ਦੀ ਵਿਕਰੀ ’ਤੇ ਤਤਕਾਲ ਪ੍ਰਭਾਵ ਨਾਲ ਰੋਕ ਲਾ ਦਿੱਤੀ ਹੈ। ਦੁਬਈ ਦੇ ਸ਼ਾਸਕ ਸ਼ੇਖ ਮੋਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਹਮਲੇ ਬਾਅਦ ਮੁਸਲਿਮ ਤਬਕੇ ਲਈ ਅਰਡਰਨ ਦੇ ਸਮਰਥਨ ਦੀ ਸ਼ਲਾਘਾ ਕੀਤੀ। ਯਾਦ ਰਹੇ 15 ਮਾਰਚ ਨੂੰ ਨਿਊਜ਼ੀਲੈਂਡ ਵਿੱਚ ਕ੍ਰਾਈਸਚਰਚ ਦੀਆਂ ਦੋ ਮਸਜਿਦਾਂ ਵਿੱਚ ਇੱਕ ਬੰਦੂਕਧਾਰੀ ਨੇ ਹਮਲਾ ਕਰਕੇ 50 ਸ਼ਰਧਾਲੂਆਂ ਦੀ ਜਾਨ ਲੈ ਲਈ ਸੀ। ਦੁਬਈ ਦੇ ਸ਼ਾਸਕ ਅਲ ਮਕਤੂਮ ਨੇ ਇਸ ਬਾਰੇ ਟਵੀਟ ਵੀ ਕੀਤਾ। ਇਸ ਟਵੀਟ ਵਿੱਚ ਉਨ੍ਹਾਂ ਮੁਸਲਿਮ ਤਬਕੇ ਨੂੰ ਹਿਲਾ ਦੇਣ ਵਾਲੇ ਅੱਤਵਾਦੀ ਹਮਲੇ ਬਾਅਦ ਸਮਰਥਨ ਤੇ ਸਹਿਯੋਗ ਦੇਣ ਲਈ ਜੈਸਿੰਡਾ ਅਰਡਰਨ ਤੇ ਨਿਊਜ਼ੀਲੈਂਡ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਡੇਢ ਅਰਬ ਮੁਸਲਮਾਨ ਉਨ੍ਹਾਂ ਦਾ ਸਨਮਾਨ ਕਰਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ ਸਮੁੱਚੇ ਦੇਸ਼ ਦੀਆਂ ਮਹਿਲਾਵਾਂ ਨੇ ਹਿਜਾਬ ਪਾ ਕੇ ਮੁਸਲਮਾਨਾਂ ਪ੍ਰਤੀ ਇਕਜੁੱਟਤਾ ਦਿਖਾਈ। ਮਹਿਲਾ ਪੁਲਿਸ ਮੁਲਾਜ਼ਮਾਂ ਤੇ ਗੈਰ ਮੁਸਲਮਾਨ ਮਹਿਲਾਵਾਂ ਨੇ ਵੀ ਹਿਜਾਬ ਪਾਇਆ ਸੀ। ਇਨ੍ਹਾਂ ਵਿੱਚੋਂ ਕਈ ਮਹਿਲਾਵਾਂ ਨੇ ਤਾਂ ਪਹਿਲੀ ਵਾਰ ਹਿਜਾਬ ਪਾਇਆ ਸੀ। ਮਹਿਲਾਵਾਂ ਨੇ ਮੁਸਲਮਾਨਾਂ ਦਾ ਸਮਰਥਨ ਕਰਨ ਲਈ ਹਿਜਾਬ ਪਾ ਕੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਵੀ ਪੋਸਟ ਕੀਤੀਆਂ ਸੀ।

  • Topics :

Related News