ਚੋਣਾਂ ਦੇ ਮਾਹੌਲ 'ਚ ਕਿਸਾਨਾਂ ਦੇ ਵਾਰੇ-ਨਿਆਰੇ

May 07 2019 03:46 PM

ਚੰਡੀਗੜ੍ਹ:

ਚੋਣਾਂ ਦੇ ਮਾਹੌਲ 'ਚ ਕਿਸਾਨਾਂ ਦੇ ਵਾਰੇ-ਨਿਆਰੇ ਹਨ। ਮਾਲਵਾ ਦੀ ਨਰਮਾ ਪੱਟੀ ਵਿੱਚ 24 ਘੰਟੇ ਬਿਜਲੀ ਮਿਲ ਰਹੀ ਹੈ। ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਲਈ 20 ਦੀ ਬਜਾਏ 13 ਜੂਨ ਤੋਂ ਖੁੱਲ੍ਹ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੀਂਹ ਤੇ ਬਿਜਲੀ ਦੀਆਂ ਤਾਰਾਂ ਦੇ ਸਪਾਰਕ ਹੋਣ ਨਾਲ ਸੜੀ ਕਣਕ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਚੋਣਾਂ ਸਿਰ 'ਤੇ ਹੋਣ ਕਰਕੇ ਕੈਪਟਨ ਸਰਕਾਰ ਕਿਸੇ ਵੀ ਕੀਮਤ 'ਤੇ ਕਿਸਾਨਾਂ ਨੂੰ ਗੁੱਸੇ ਨਹੀਂ ਕਰਨਾ ਚਾਹੁੰਦੀ। ਨਰਮਾ ਪੱਟੀ ਵਿੱਚ ਮਈ ਤੋਂ ਹੀ ਬਿਜਲੀ ਦੀ ਲੋੜ ਹੁੰਦੀ ਹੈ ਪਰ ਸਰਕਾਰ ਵੱਲੋਂ ਝੋਨੇ ਦੀ ਲਵਾਈ ਲਈ 20 ਜੂਨ ਦੀ ਤਾਰੀਖ ਤੈਅ ਕੀਤੀ ਹੋਣ ਕਰਕੇ ਹਰ ਸਾਲ ਕਿਸਾਨਾਂ ਨੂੰ ਧਰਨੇ ਦੇਣੇ ਪੈਂਦੇ ਹਨ। ਇਸ ਸਾਲ ਪਾਵਰਕੌਮ ਨੇ ਪਹਿਲੀ ਮਈ ਤੋਂ ਹੀ ਨਰਮਾ ਪੱਟੀ ਲਈ ਦਿਨ-ਰਾਤ ਦੀ ਸਪਲਾਈ ਦੇਣੀ ਸ਼ੁਰੂ ਕੀਤੀ ਹੈ। ਪਾਵਰਕੌਮ ਨੇ ਜ਼ਿਲ੍ਹਾ ਬਠਿੰਡਾ, ਮਾਨਸਾ, ਮੁਕਤਸਰ ਤੇ ਫਾਜ਼ਿਲਕਾ ਵਿੱਚ ਖੇਤੀ ਸੈਕਟਰ ਨੂੰ 24 ਘੰਟੇ ਬਿਜਲੀ ਸਪਲਾਈ ਦੇਣੀ ਸ਼ੁਰੂ ਕੀਤੀ ਹੈ। ਉਂਝ ਵੀ ਪਹਿਲਾਂ ਨਰਮਾ-ਕਪਾਹ ਦੀ ਬਿਜਾਈ ਵੇਲੇ 12 ਘੰਟੇ ਬਿਜਲੀ ਸਪਲਾਈ ਮਿਲਦੀ ਰਹੀ ਹੈ। ਪਾਵਰਕੌਮ ਦੇ ਪ੍ਰਬੰਧਕਾਂ ਨੇ ਲਿਖਤੀ ਹੁਕਮ ਜਾਰੀ ਕੀਤੇ ਹਨ ਕਿ ਅਗਲੇ ਹੁਕਮਾਂ ਤਕ ਕਾਟਨ ਫੀਡਰਾਂ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਪਾਵਰਕੌਮ ਦੇ ਪੱਛਮੀ ਜ਼ੋਨ ਵਿੱਚ ਪੈਂਦੇ ਨਰਮੇ ਵਾਲੇ ਫੀਡਰਾਂ ’ਤੇ ਇਹ ਸਹੂਲਤ ਦਿੱਤੀ ਗਈ ਹੈ। ਪੱਛਮੀ ਜ਼ੋਨ ਵਿਚ ਕਰੀਬ 2800 ਬਿਜਲੀ ਫੀਡਰ ਹਨ, ਜਿਨ੍ਹਾਂ ਵਿੱਚੋਂ ਨਰਮਾ ਪੱਟੀ ਦੀ ਬਿਜਾਈ ਵਾਲੇ ਇਲਾਕੇ ਦੇ ਫੀਡਰਾਂ ਦੀ ਸ਼ਨਾਖ਼ਤ ਕੀਤੀ ਗਈ ਸੀ, ਜਿਨ੍ਹਾਂ ’ਤੇ ਹੁਣ ਬਿਜਲੀ ਸਪਲਾਈ ਦੇਣੀ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਇਸ ਵਾਰ ਝੋਨੇ ਦੀ ਲਵਾਈ 20 ਦੀ ਬਜਾਏ 13 ਜੂਨ ਤੋਂ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਕਿਸਾਨ ਜਥੇਬੰਦੀਆਂ ਨੇ ਪਹਿਲੀ ਜੂਨ ਤੋਂ ਹੀ ਝੋਨੇ ਦੀ ਲਵਾਈ ਦਾ ਐਲਾਨ ਕਰ ਦਿੱਤਾ ਸੀ ਜਿਸ ਕਰਕੇ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਟਕਰਾਅ ਦਾ ਮਾਹੌਲ ਬਣ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਲਵਾਈ 20 ਜੂਨ ਦੀ ਥਾਂ ਹਫ਼ਤਾ ਪਹਿਲਾਂ 13 ਜੂਨ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੈਪਟਨ ਨੇ ਐਲਾਨ ਕੀਤਾ ਕਿ ਬੇਮੌਸਮੇ ਮੀਂਹ ਤੇ ਮੁੱਖ ਲਾਈਨਾਂ ਤੋਂ ਬਿਜਲੀ ਸਪਾਰਕ ਹੋਣ ਨਾਲ ਕਣਕ ਦੀ ਫ਼ਸਲ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਫ਼ਸਲਾਂ ਦੇ ਨੁਕਸਾਨ ਦਾ ਅਨੁਮਾਨ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਕੀਤੀ ਜਾ ਰਹੀ ਹੈ। ਅੱਗ ਜਾਂ ਹੋਰ ਕਾਰਨਾਂ ਨਾਲ ਹੋਏ ਨੁਕਸਾਨ ਦਾ ਉਨ੍ਹਾਂ ਦੇ ਰਾਹਤ ਫੰਡ ਵਿੱਚੋਂ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਵਾਅਦਾ ਕੀਤਾ ਕਿ ਉਹ ਹਰ ਪੀੜਤ ਕਿਸਾਨ ਨੂੰ ਮੁਆਵਜ਼ਾ ਦੇਣਗੇ।

  • Topics :

Related News