ਤਿੱਬਤ ਸੀਮਾ ਪੁਲਿਸ ਕਮਾਨ ਨੂੰ ਚੰਡੀਗੜ੍ਹ ਤੋਂ ਲੇਹ ਵਿੱਚ ਭੇਜਣ ਦੇ ਹੁਕਮ

ਨਵੀਂ ਦਿੱਲੀ:

ਦੇਸ਼ ਦੀ ਪੂਰਬੀ ਸਰਹੱਦ 'ਤੇ ਵੱਡੀ ਗਿਣਤੀ ਵਿੱਚ ਚੀਨੀ ਫ਼ੌਜ ਦੀ ਮੌਜੂਦਗੀ ਦਰਮਿਆਨ ਭਾਰਤ ਸਰਕਾਰ ਨੇ ਭਾਰਤ ਤਿੱਬਤ ਸੀਮਾ ਪੁਲਿਸ ਕਮਾਨ ਨੂੰ ਚੰਡੀਗੜ੍ਹ ਤੋਂ ਲੇਹ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਆਈਟੀਬੀਪੀ ਦੀ ਜ਼ਿੰਮੇਵਾਰੀ ਉੱਤਰ ਪੱਛਮੀ ਫਰੰਟੀਅਰ ਨੂੰ ਸ਼ਾਂਤੀਕਾਲ ਵਿੱਚ ਚੀਨ ਨਾਲ ਲੱਗਦੀ 3488 ਕਿਲੋਮੀਟਰ ਲੰਮੀ ਸਰਹੱਦ ਦੀ ਪਹਿਰੇਦਾਰੀ ਦੀ ਹੈ। ਦਸਤਾਵੇਜ਼ਾਂ ਮੁਤਾਬਕ ਫਰੰਟੀਅਰ ਨੂੰ ਮਾਰਚ ਅੰਤ ਤਕ ਹਥਿਆਰਾਂ ਤੇ ਹੋਰ ਸਾਜ਼ੋ ਸਮਾਨ ਨਾਲ ਲੇਹ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਆਈਟੀਬੀਪੀ ਨੇ ਨਵੀਂ ਥਾਂ 'ਤੇ ਪਹਿਲੀ ਅਪਰੈਲ ਤੋਂ ਆਪ੍ਰੇਸ਼ਨ ਸ਼ੁਰੂ ਕਰਨਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਹੈ ਕਿ ਲੇਹ ਵਿੱਚ ਫ਼ੌਜ ਦੇ 14 ਕੋਰ ਦਾ ਟਿਕਾਣਾ ਹੈ। ਕਾਰਗਿਲ ਮਗਰੋਂ ਫ਼ੌਜ ਨੇ ਲੇਹ ਵਿੱਚ ਵਿਸ਼ੇਸ਼ ਕੋਰ ਤਿਆਰ ਕੀਤੀ ਹੋਈ ਹੈ। ਹੁਣ ਤਕ ਲੇਹ ਵਿੱਚ ਆਈਟੀਬੀਪੀ ਦਾ ਇੱਕ ਸੈਕਟਰ ਹੀ ਸਥਾਪਤ ਹੈ। ਇਸ ਦੇ ਤਕਰੀਬਨ 90,000 ਮੁਲਾਜ਼ਮ ਇਲਾਕੇ ਦੀ ਪੈਂਗੋਂਗ ਝੀਲ ਤੇ ਚੀਨ ਨਾਲ ਲਗਦੀ ਹਿਮਾਲਾ ਪਰਬਤੀ ਲੜੀ ਦੇ ਉੱਪਰਲੇ ਹਿੱਸਿਆਂ 'ਤੇ ਵੀ ਨਿਗ੍ਹਾ ਰੱਖਦੀ ਹੈ। ਇਨ੍ਹਾਂ ਥਾਵਾਂ ਦੇ ਨਾਲ-ਨਾਲ ਅਰੁਣਾਚਲ ਪ੍ਰਦੇਸ਼ ਵਿੱਚ ਚੀਨੀ ਫ਼ੌਜ ਦੇ ਭਾਰਤੀ ਹੱਦ ਵਿੱਚ ਦਾਖ਼ਲ ਹੋਣ ਦੀਆਂ ਘਟਨਾਵਾਂ ਹੋਈਆਂ ਸਨ। ਸਾਲ 2017 ਵਿੱਚ ਡੋਕਲਾਮ ਵਿਵਾਦ ਮਗਰੋਂ ਲਗਾਤਾਰ ਚੀਨ ਸਰਹੱਦ 'ਤੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਦਾ ਆ ਰਿਹਾ ਹੈ। ਇਸ ਪਾਸੇ ਹੁਣ ਭਾਰਤ ਨੇ ਵੀ ਕਦਮ ਪੁੱਟ ਲਏ ਹਨ ਤੇ ਸਰਹੱਦ 'ਤੇ ਨਫਰੀ ਵਧਾਉਣ ਦੇ ਹੁਕਮ ਦਿੱਤੇ ਹਨ।

  • Topics :

Related News