ਭਾਰਤ 16 ਤੋਂ 20 ਅਪ੍ਰੈਲ ਦਰਮਿਆਨ ਏਅਰ ਸਟ੍ਰਾਇਕ ਜਿਹੇ ਦੂਜੇ ਹਮਲੇ ਦੀ ਯੋਜਨਾ ਬਣਾ ਰਿਹਾ

Apr 08 2019 04:13 PM

ਇਸਲਾਮਾਬਾਦ:

ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦਰਮਿਆਨ ਤਣਾਅ ਜਾਰੀ ਹੈ। ਅਜਿਹੇ 'ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਤਵਾਰ ਦਾਅਵਾ ਕੀਤਾ ਕਿ ਭਾਰਤ 16 ਤੋਂ 20 ਅਪ੍ਰੈਲ ਦਰਮਿਆਨ ਏਅਰ ਸਟ੍ਰਾਇਕ ਜਿਹੇ ਦੂਜੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਡਾਨ ਅਖ਼ਬਾਰ ਮੁਤਾਬਕ ਕੁਰੈਸ਼ੀ ਨੇ ਮੁਲਤਾਨ 'ਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਕਿਹਾ ਕਿ ਪਾਕਿ ਸਰਕਾਰ ਦੇ ਇੰਟੈਲੀਜੈਂਸ ਸੂਤਰਾਂ ਮੁਤਾਬਕ ਭਾਰਤ ਹਮਲੇ ਦੀ ਵਿਓਂਤ ਘੜ ਰਿਹਾ ਹੈ। ਕੁਰੈਸ਼ੀ ਮੁਤਾਬਕ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਅਜਿਹੇ 'ਚ ਭਾਰਤ ਵੱਲੋਂ ਪਾਕਿਸਤਾਨ 'ਤੇ ਹਮਲੇ ਦੀ ਪੂਰੀ ਰਣਨੀਤੀ ਹੈ। ਅਖ਼ਬਾਰ ਨੇ ਕੁਰੈਸ਼ੀ ਦੇ ਹਵਾਲੇ ਤੋਂ ਲਿਖਿਆ ਕਿ 16 ਤੋਂ 20 ਅਪ੍ਰੈਲ ਦੌਰਾਨ ਹਮਲੇ ਨੂੰ ਅੰਜ਼ਾਮ ਦਿੱਤਾ ਜਾ ਸਕਦਾ ਹੈ। ਕੁਰੈਸ਼ੀ ਮੁਤਾਬਕ ਇਹ ਦੂਜੀ ਵੱਡੀ ਘਟਨਾ ਹੋ ਸਕਦੀ ਹੈ ਪਰ ਭਾਰਤ ਦਾ ਇਸ ਪਿੱਛੇ ਆਪਣਾ ਮਕਸਦ ਪਾਕਿਸਤਾਨ ਤੋਂ ਬਦਲਾ ਲੈਣਾ ਤੇ ਇਸਲਾਮਾਬਾਦ 'ਤੇ ਦੁਵੱਲਾ ਦਬਾਅ ਬਣਾਉਣ ਦਾ ਹੋਵਗਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸਦਾ ਸ਼ਾਂਤੀ ਤੇ ਸਥਿਰਤਾ 'ਤੇ ਕਿੰਨ੍ਹਾਂ ਅਸਰ ਪੈ ਸਕਦਾ ਹੈ ਇਸਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਇਸ ਬਾਰੇ ਪਹਿਲਾਂ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਸਥਾਈ ਮੈਂਬਰਾਂ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਭਾਰਤ ਦੇ ਇਸ ਗੈਰ-ਜ਼ਿੰਮੇਵਾਰ ਰਵੱਈਏ ਨੂੰ ਧਿਆਨ 'ਚ ਰੱਖਦਿਆਂ ਭਾਰਤ ਨੂੰ ਇਸ ਰਾਹ ਤੋਂ ਵਰਜਿਆ ਜਾਵੇ।

  • Topics :

Related News