ਗੇਂਦਬਾਜ਼ ਹਰਭਜਨ ਸਿੰਘ ਦਾ ਨਾਂ ਖੇਡ ਰਤਨ ਐਵਾਰਡ ਦੀ ਲਿਸਟ ਵਿੱਚ ਨਾ ਆਉਣ ਮਗਰੋਂ ਮਾਮਲਾ ਗਰਮਾ ਗਿਆ

Jul 31 2019 02:38 PM

ਚੰਡੀਗੜ੍ਹ:

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਤੇ ਗੇਂਦਬਾਜ਼ ਹਰਭਜਨ ਸਿੰਘ ਦਾ ਨਾਂ ਖੇਡ ਰਤਨ ਐਵਾਰਡ ਦੀ ਲਿਸਟ ਵਿੱਚ ਨਾ ਆਉਣ ਮਗਰੋਂ ਮਾਮਲਾ ਗਰਮਾ ਗਿਆ ਹੈ। ਪਿਛਲੇ ਦਿਨੀਂ ਖ਼ਬਰਾਂ ਆਈਆਂ ਸੀ ਕਿ ਇਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਹੁਣ ਹਰਭਜਨ ਸਿੰਘ ਨੇ ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੂੰ ਬੇਨਤੀ ਕੀਤੀ ਹੈ ਕਿ ਉਸ ਦੀ ਨਾਮਜ਼ਦਗੀ ‘ਚ ਦੇਰੀ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ। ਹਰਭਜਨ ਸਿੰਘ ਨੇ ਪੰਜਾਬ ਦੇ ਖੇਡ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਇਸ ਗੱਲ਼ ਦਾ ਪਤਾ ਲਾਇਆ ਜਾਵੇ ਕਿ ਉਨ੍ਹਾਂ ਦੀ ਨਾਮਜ਼ਦਗੀ ਦੇਰੀ ਨਾਲ ਕਿਉਂ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕਰਵਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ। ਦਰਅਸਲ ਕੇਂਦਰੀ ਖੇਡ ਮੰਤਰਾਲੇ ਨੇ ਖੇਡ ਰਤਨ ਐਵਾਰਡ ਲਈ ਹਰਭਜਨ ਸਿੰਘ ਦਾ ਨਾਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਦਾ ਨਾਂ ਸੂਬਾ ਸਰਕਾਰ ਨੇ ਪ੍ਰਸਤਾਵਿਤ ਕੀਤਾ ਸੀ, ਪਰ ਕੇਂਦਰ ਨੇ ਇਨ੍ਹਾਂ ਦੇ ਨਾਂਵਾਂ 'ਤੇ ਮੋਹਰ ਨਹੀਂ ਲਾਈ। ਕੇਂਦਰੀ ਖੇਡ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਨਾਂ ਭੇਜਣ ਵਿੱਚ ਕਾਫੀ ਦੇਰੀ ਹੋਈ ਹੈ। ਹਰਭਜਨ ਸਿੰਘ ਕੌਮਾਂਤਰੀ ਕ੍ਰਿਕੇਟ ਵਿੱਚ 707 ਵਿਕਟਾਂ ਹਾਸਲ ਕੀਤੀਆਂ ਹਨ। ਫਿਰਕੀ ਗੇਂਦਬਾਜ਼ ਨੇ 103 ਟੈਸਟ, 236 ਇੱਕ ਦਿਨਾ ਤੇ 28 ਟੀ-20 ਮੈਚਾਂ ਦੌਰਾਨ ਇੰਨੀਆਂ ਵਿਕਟਾਂ ਹਾਸਲ ਕੀਤੀਆਂ। ਹਰਭਜਨ ਨੇ ਟੈਸਟ ਕ੍ਰਿਕੇਟ ਵਿੱਚ ਕੁੱਲ 2,224 ਦੌੜਾਂ ਬਣਾਈਆਂ ਤੇ 417 ਵਿਕਟਾਂ ਵੀ ਹਾਸਲ ਕੀਤੀਆਂ। ਇੱਕ ਦਿਨਾ ਮੈਚਾਂ ਵਿੱਚ ਵੀ ਉਨ੍ਹਾਂ 1237 ਦੌੜਾਂ ਬਣਾਈਆਂ ਤੇ 269 ਵਿਕਟਾਂ ਵੀ ਲਈਆਂ। ਟੀ-20 ਵਿੱਚ ਉਨ੍ਹਾਂ 21 ਵਿਕਟਾਂ ਹਾਸਲ ਕੀਤੀਆਂ ਹਨ। ਹਰਭਜਨ ਨੇ ਆਖਰੀ ਕੌਮਾਂਤਰੀ ਮੁਕਾਬਲਾ ਸਾਲ 2016 ਵਿੱਚ ਖੇਡਿਆ ਸੀ।

  • Topics :

Related News