ਉਨ੍ਹਾਂ ਨੂੰ ਮੇਰਾ ਸਾਹਮਣਾ ਕਰਨਾ ਬਿਲਕੁਲ ਵੀ ਪਸੰਦ ਨਹੀਂ ਸੀ

Oct 08 2019 06:44 PM

ਕਰਾਚੀ:

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਸਾਬਕਾ ਪਾਕਿਸਤਾਨੀ ਕਪਤਾਨ ਸ਼ਾਹਿਦ ਅਫਰੀਦੀ ਨਾਲ ਰਿਸ਼ਤਾ ਜੱਗ ਜਾਹਿਰ ਹੈ। ਹੁਣ ਇੱਕ ਹੋਰ ਪਾਕਿਸਤਾਨੀ ਕ੍ਰਿਕੇਟਰ ਨੇ ਗੰਭੀਰ ਨਾਲ ਆਪਣੇ ਮਾੜੇ ਸਬੰਧਾਂ ਦਾ ਖੁਲਾਸਾ ਕੀਤਾ ਹੈ। ਪਾਕਿਸਤਾਨ ਦੇ 7 ਫੁੱਟ ਲੰਮੇ ਤੇਜ਼ ਗੇਂਦਬਾਜ਼ ਮੁਹੰਮਦ ਇਰਫਾਨ ਨੇ ਕਿਹਾ ਕਿ ਗੰਭੀਰ ਉਸ ਨੂੰ ਦੇਖਣਾ ਤਕ ਪਸੰਦ ਨਹੀਂ ਕਰਦੇ ਸੀ। ਇੱਕ ਪਾਕਿਸਤਾਨੀ ਚੈਨਲ ਨਾਲ ਗੱਲਬਾਤ ਕਰਦਿਆਂ ਇਰਫਾਨ ਨੇ ਕਿਹਾ, 'ਜਦੋਂ ਮੈਂ ਭਾਰਤ ਖਿਲਾਫ ਖੇਡਦਾ ਸੀ ਤਾਂ ਉਹ ਮੇਰੇ ਖਿਲਾਫ ਬੱਲੇਬਾਜ਼ੀ ਕਰਨ ਵਿੱਚ ਸਹਿਜ ਨਹੀਂ ਸਨ। ਮੈਨੂੰ ਖਿਡਾਰੀਆਂ ਨੇ ਸਾਲ 2012 ਦੀ ਲੜੀ ਦੌਰਾਨ ਕਿਹਾ ਸੀ ਕਿ ਉਹ ਮੇਰੀ ਲੰਬਾਈ ਕਾਰਨ ਗੇਂਦ ਨੂੰ ਚੰਗੀ ਤਰ੍ਹਾਂ ਦੇਖ ਨਹੀਂ ਪਾਉਂਦੇ ਸੀ। ਉਨ੍ਹਾਂ ਨੂੰ ਮੇਰੀ ਰਫ਼ਤਾਰ ਪੜ੍ਹਨ ਵਿੱਚ ਵੀ ਮੁਸ਼ਕਲ ਹੁੰਦੀ ਸੀ।' ਗੰਭੀਰ ਬਾਰੇ ਵਿਸ਼ੇਸ਼ ਤੌਰ 'ਤੇ ਬੋਲਦਿਆਂ ਇਰਫਾਨ ਨੇ ਕਿਹਾ, 'ਉਨ੍ਹਾਂ ਨੂੰ ਮੇਰਾ ਸਾਹਮਣਾ ਕਰਨਾ ਬਿਲਕੁਲ ਵੀ ਪਸੰਦ ਨਹੀਂ ਸੀ। ਚਾਹੇ ਇਹ ਮੈਚ ਦੇ ਦੌਰਾਨ ਹੋਵੇ ਜਾਂ ਨੈੱਟ ਅਭਿਆਸ ਵਿੱਚ, ਮੈਨੂੰ ਹਮੇਸ਼ਾ ਮਹਿਸੂਸ ਹੋਇਆ ਕਿ ਉਹ ਮੇਰੇ ਨਾਲ ਨਜ਼ਰਾਂ ਮਿਲਾਉਣ ਤੋਂ ਬਚਦੇ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸਾਲ 2012 ਦੀ ਲਿਮਟਿਡ ਓਵਰ ਸੀਰੀਜ਼ ਵਿੱਚ ਮੈਂ ਉਨ੍ਹਾਂ ਨੂੰ ਚਾਰ ਵਾਰ ਆਊਟ ਕੀਤਾ ਸੀ। ਉਹ ਮੇਰੇ ਖਿਲਾਫ ਬਹੁਤ ਜ਼ਿਆਦਾ ਅਸਹਿਜ ਸਨ।' ਗੰਭੀਰ ਨੇ ਪਾਕਿਸਤਾਨ ਖਿਲਾਫ ਆਪਣਾ ਆਖਰੀ ਟੀ-20 ਮੈਚ 2012 ਵਿੱਚ ਅਹਿਮਦਾਬਾਦ ਵਿੱਚ ਖੇਡਿਆ ਸੀ। ਇਰਫਾਨ ਨੇ ਕਿਹਾ ਕਿ ਮੈਂ ਅਜਿਹਾ ਨਹੀਂ ਕਹੂੰਗਾ ਕਿ ਕੋਈ ਮੇਰੀ ਗੇਂਦਬਾਜ਼ੀ ਤੋਂ ਡਰਦਾ ਸੀ ਪਰ ਜਦੋਂ ਗੰਭੀਰ ਵਾਪਸ ਆਏ ਤਾਂ ਲੋਕ ਮੈਨੂੰ ਉਨ੍ਹਾਂ ਦਾ ਸੀਮਤ ਫਾਰਮੈਟ ਕ੍ਰਿਕਟ ਕਰੀਅਰ ਨੂੰ ਖਤਮ ਕਰਨ ਲਈ ਮੈਨੂੰ ਵਧਾਈ ਦੇ ਰਹੇ ਸੀ।

  • Topics :

Related News