NDRF ਦੀਆਂ ਟੀਮਾਂ ਨੇ ਮਲਬੇ ਹੇਠੋਂ ਫੌਜ ਦੇ ਆਖ਼ਰੀ ਜਵਾਨ ਦੀ ਲਾਸ਼ ਵੀ ਬਰਾਮਦ ਕਰ ਲਈ

ਚੰਡੀਗੜ੍ਹ:

ਲਗਪਗ 22 ਘੰਟਿਆਂ ਬਾਅਦ ਕੁਮਾਰਹੱਟੀ ਕੋਲ ਡਿੱਗੀ ਇਮਾਰਤ ਹੇਠ ਦੱਬੇ ਲੋਕਾਂ ਦੇ ਬਚਾਅ ਕਾਰਜਾਂ ਲਈ ਚੱਲ ਰਿਹਾ ਰੈਸਕਿਊ ਆਪਰੇਸ਼ਨ ਖ਼ਤਮ ਹੋ ਗਿਆ ਹੈ। NDRF ਦੀਆਂ ਟੀਮਾਂ ਨੇ ਮਲਬੇ ਹੇਠੋਂ ਫੌਜ ਦੇ ਆਖ਼ਰੀ ਜਵਾਨ ਦੀ ਲਾਸ਼ ਵੀ ਬਰਾਮਦ ਕਰ ਲਈ ਹੈ। ਇਸ ਹਾਦਸੇ ਵਿੱਚ 14 ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚੋਂ 13 ਫੌਜ ਦੇ ਜਵਾਨ ਦੱਸੇ ਜਾ ਰਹੇ ਹਨ। ਐਤਵਾਰ ਦੁਪਹਿਰ ਭਾਰਤੀ ਫੌਜ ਦੇ 30 ਜਵਾਨ ਦੁਪਹਿਰ ਦਾ ਖਾਣਾ ਖਾਣ ਲਈ ਇੱਕ ਢਾਬੇ ਵਿੱਚ ਪਹੁੰਚੇ ਸੀ ਪਰ ਭਾਰੀ ਬਾਰਸ਼ ਦੀ ਵਜ੍ਹਾ ਕਰਕੇ ਢਾਬੇ ਦੀ ਇਮਾਰਤ ਢਹਿ ਗਈ। ਇਮਾਰਤ ਡਿੱਗਣ ਮਗਰੋਂ ਤੁਰੰਤ ਐਨਡੀਆਰਐਫ ਦੀ ਟੀਮ ਬੁਲਾਈ ਗਈ ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਚਾਰ ਮਰਲੇ ਜ਼ਮੀਨ ਵਿੱਚ ਬਣੇ ਢਾਬੇ ਦੀ ਇਮਾਰਤ ਕਾਫੀ ਕਮਜ਼ੋਰ ਸੀ, ਇਸੇ ਕਰਕੇ ਤੇਜ਼ ਮੀਂਹ ਨਾਲ ਇਮਾਰਤ ਢਹਿ-ਢੇਰੀ ਹੋ ਗਈ। ਤਕਰੀਬਨ 22 ਘੰਟੇ ਬਾਅਦ ਇਮਾਰਤ ਹੇਠਾਂ ਦੱਬੇ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਹਾਲਾਂਕਿ ਇਮਾਰਤ ਦਾ ਮਲਬਾ ਹਟਾਉਣ ਦਾ ਕੰਮ ਹਾਲੇ ਵੀ ਜਾਰੀ ਹੈ। ਹਾਲੇ ਵੀ ਖ਼ਦਸ਼ਾ ਹੈ ਕਿ ਕੁਝ ਬੰਦੇ ਹੇਠਾਂ ਦੱਬੇ ਹੋ ਸਕਦੇ ਹਨ ਪਰ NDRF ਦੀ ਟੀਮ ਨੂੰ ਜੋ ਲਿਸਟ ਦਿੱਤੀ ਗਈ ਸੀ, ਉਸ ਨੂੰ ਪੂਰੀ ਕਰਨ ਬਾਅਦ ਟੀਮਾਂ ਨੇ ਆਪਣਾ ਕੰਮ ਖ਼ਤਮ ਕਰਕੇ ਸਾਮਾਨ ਬੰਨ੍ਹਣਾ ਸ਼ੁਰੂ ਕਰ ਦਿੱਤਾ ਹੈ।

  • Topics :

Related News