ਰੱਖਿਆ ਮੰਤਰੀ ਨੇ ਸਵਦੇਸ਼ੀ ਭਾਰਤੀ ਲੜਾਕੂ ਜਹਾਜ਼ ਤੇਜਸ ‘ਚ ਉਡਾਣ ਭਰੀ

ਬੈਂਗਲੁਰੂ:

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਸਵਦੇਸ਼ੀ ਭਾਰਤੀ ਲੜਾਕੂ ਜਹਾਜ਼ ਤੇਜਸ ‘ਚ ਉਡਾਣ ਭਰੀ। ਤੇਜਸ ‘ਚ ਉਡਾਣ ਭਰਨ ਵਾਲੇ ਰਾਜਨਾਥ ਸਿੰਘ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣ ਗਏ ਹਨ। ਰਾਜਨਾਥ ਤੇਜਸ ਦੀ ਪਿਛਲੀ ਸੀਟ ‘ਤੇ ਬੈਠੇ ਨਜ਼ਰ ਆਏ। ਉਨ੍ਹਾਂ ਨੇ ਕਰੀਬ ਅੱਧਾ ਘੰਟਾ ਇਸ ਲੜਾਕੂ ਜਹਾਜ਼ ‘ਚ ਉਡਾਣ ਭਰੀ। ਭਾਰਤ ‘ਚ ਬਣਿਆ ਤੇਜਸ ਤਕਨੀਕ ਦੇ ਮਾਮਲੇ ‘ਚ ਬਹੁਤ ਅੱਗੇ ਹੈ। ਇਹ 100 ਕਿਮੀ ਤਕ ਦੁਸ਼ਮਣਾਂ ‘ਤੇ ਪੈਨੀ ਨਜ਼ਰ ਰੱਖ ਸਕਦਾ ਹੈ। ਸਵਦੇਸ਼ੀ ਤਕਨੀਕ ਨਾਲ ਬਣੇ ਲਾਈਟ ਕਾਮਬੈਟ ਏਅਰਕ੍ਰਾਫਟ ਤੇਜਸ ਨੂੰ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਨੇ ਤਿਆਰ ਕੀਤਾ ਹੈ। ਰਾਜਨਾਥ ਸਿੰਘ ਨੇ ਅੱਜ ਕਰੀਬ ਇੱਕ ਜਹਾਜ਼ ਦੀ ਕਾਬਲੀਅਤ ਦਾ ਜਾਇਜ਼ਾ ਲਿਆ। ਤੇਜਸ ਜਹਾਜ਼ਾਂ ਨੂੰ ਬੈਂਗਲੁਰੂ ‘ਚ ਬਣਾਇਆ ਜਾਂਦਾ ਹੈ। ਤੇਜਸ ਅਸਮਾਨ ‘ਚ ਆਪਣੀ ਛਾਪ ਛੱਡ ਚੁੱਕਿਆ ਹੈ। ਜਲਦੀ ਹੀ ਭਾਰਤੀ ਜਲ ਸੈਨਾ ਵੀ ਇਸ ਦਾ ਇਸਤੇਮਾਲ ਕਰੇਗੀ ਜਿਸ ਦੀ ਟੈਸਟਿੰਗ ਗੋਆ ‘ਚ ਚੱਲ ਰਹੀ ਹੈ। ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਹੁਣ ਤਕ 16 ਤੇਜਸ ਲੜਾਕੂ ਜਹਾਜ਼ਾਂ ਨੂੰ ਹਵਾਈ ਸੈਨਾ ਨੂੰ ਸੌਂਪ ਚੁੱਕਿਆ ਹੈ ਜਿਸ ‘ਚ 12 ਏਅਰਕ੍ਰਾਫਟ ਤਮਿਲਨਾਡੂ ਦੇ ਸੁਲੂਰ ਏਅਰਬੇਸ ‘ਤੇ ਹਵਾਈ ਸੈਨਾ ਦੀ ਡੈਗਰਸ ਸਕਵਾਡਰਨ ‘ਚ ਸ਼ਾਮਲ ਹੋ ਚੁੱਕੇ ਹਨ। ਕੁੱਲ 40 ਤੇਜਸ ਜਹਾਜ਼ ਜਲਦੀ ਹੀ ਹਵਾਈ ਸੈਨਾ ‘ਚ ਸ਼ਾਮਲ ਹੋਣਗੇ। ਤੇਜਸ ਮਾਰਕ-1ਏ ਵੀ ਜਲਦੀ ਹੀ ਆਉਣ ਵਾਲਾ ਹੈ। ਤਕਨੀਕ ਦੇ ਮਾਮਲੇ ‘ਚ ਤੇਜਸ ਮਾਰਕ-1ਏ ਅਮਰੀਕਾ ਦੇ ਐਫ-16 ਤੇ ਚੀਨ ਦੇ ਜੇਐਫ-17 ਤੋਂ ਵੀ ਅੱਗੇ ਹੋਵੇਗਾ। ਇਸ ਤੋਂ ਇਲਾਵਾ ਤੇਜਸ ਮਾਰਕ-1ਏ ਵਿਯੋਂਡ ਵਿਜਯੁਲ ਰੇਂਜ ਯਾਨੀ ਅਜਿਹੀ ਮਿਸਾਈਲ ਹੋਵੇਗੀ ਜੋ ਨਜ਼ਰਾਂ ਤੋਂ ਦੂਰ ਟਾਰਗੇਟ ਨੂੰ ਨਿਸ਼ਾਨਾ ਬਣਾ ਸਕਦੀ ਹੈ। 83 ਤੇਜਸ ਮਾਰਕ-1ਏ ਲੜਾਕੂ ਵਿਮਾਨਾਂ ਦਾ ਸੌਦਾ ਐਚਏਐਲ ਤੇ ਹਵਾਈ ਸੈਨਾ ‘ਚ ਜਲਦ ਹੋਣ ਜਾ ਰਿਹਾ ਹੈ।

  • Topics :

Related News