ਰਾਧੇ ਮਾਂ ਉਰਫ ਸੁਖਵਿੰਦਰ ਕੌਰ ਖ਼ਿਲਾਫ਼ ਪੱਤਰਕਾਰ ਨਾਲ ਕੁੱਟਮਾਰ ਤੇ ਜ਼ਬਰਨ ਗੱਡੀ ਵਿੱਚ ਬਿਠਾਉਣ ਦਾ ਮਾਮਲਾ ਦਰਜ

ਪਾਣੀਪਤ:

ਵਿਵਾਦਾਂ ਵਿੱਚ ਰਹਿਣ ਵਾਲੀ ਰਾਧੇ ਮਾਂ ਉਰਫ ਸੁਖਵਿੰਦਰ ਕੌਰ ਖ਼ਿਲਾਫ਼ ਪੱਤਰਕਾਰ ਨਾਲ ਕੁੱਟਮਾਰ ਤੇ ਜ਼ਬਰਨ ਗੱਡੀ ਵਿੱਚ ਬਿਠਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਰਾਧੇ ਮਾਂ ਐਤਵਾਰ ਰਾਤ ਨੂੰ ਹਰਿਆਣਾ ਦੇ ਪਾਣੀਪਤ ਪਹੁੰਚੀ ਸੀ। ਇਸੇ ਦੌਰਾਨ ਪੱਤਰਕਾਰ ਨੇ ਜਦੋਂ ਉਨ੍ਹਾਂ ਨੂੰ ਸਵਾਲ ਪੁੱਛਿਆ ਤਾਂ ਉਹ ਭੜਕ ਗਈ। ਉਸ ਨੇ ਪੱਤਰਕਾਰ ਨਾਲ ਬਦਤਮੀਜ਼ੀ ਵੀ ਕੀਤੀ। ਇਹੀ ਨਹੀਂ, ਉਸ ਦੇ ਸਮਰਥਕਾਂ ਨੇ ਪੱਤਰਕਾਰ ਦੀ ਕੁੱਟਮਾਰ ਵੀ ਕੀਤੀ ਤੇ ਆਪਣੀ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਪੱਤਰਕਾਰ ਨੂੰ ਰਾਧੇ ਮਾਂ ਦੇ ਸਮਰਥਕਾਂ ਕੋਲੋਂ ਛੁਡਵਾਇਆ ਗਿਆ। ਪੱਤਰਕਾਰ ਨੇ ਇਸ ਸਬੰਧ ਵਿੱਚ ਪਾਣੀਪਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਰਾਧੇ ਮਾਂ ਤੇ ਉਸ ਦੇ 15 ਸਮਰਥਕਾਂ ਖ਼ਿਲਾਫ਼ FIR ਦਰਜ ਕੀਤੀ ਹੈ। ਐਸਪੀ ਸੁਮਿਤ ਕੁਮਾਰ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਰਾਧੇ ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਪੱਤਰਕਾਰਾਂ ਦਾ ਇਕੱਠ ਸੀ ਤੇ ਰਾਧੇ ਮਾਂ ਜਵਾਬ ਵੀ ਦੇ ਰਹੀ ਸੀ। ਪੱਤਰਕਾਰਾਂ ਨੇ ਉਸ ਨੂੰ ਪੁੱਛਿਆ ਕਿ ਤੁਹਾਡੇ ਕਰਕੇ ਵਿਵਾਦ ਕਿਉਂ ਹੁੰਦਾ ਹੈ? ਇਸ ਦੇ ਜਵਾਬ ਵਿੱਚ ਰਾਧੇ ਮਾਂ ਨੇ ਕਿਹਾ ਕਿ ਕੋਈ ਵਿਵਾਦ ਨਹੀਂ ਹੈ। ਇਸੇ ਦੌਰਾਨ ਰਾਧੇ ਮਾਂ ਇੱਕ ਪੱਤਰਕਾਰ 'ਤੇ ਭੜਕ ਗਈ ਤੇ ਉਸ ਦੇ ਸਮਰਥਕਾਂ ਨੇ ਪੱਤਰਕਾਰ ਦੀ ਕੁੱਟਮਾਰ ਕੀਤੀ।

  • Topics :

Related News