ਪਿਆਰ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਸਗੋਂ ਪੁਲਿਸ ਵੱਲੋਂ ਪੂਰੀ ਮਦਦ ਅਤੇ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ

ਜੈਪੁਰ:

ਅਣਖ ਖਾਤਰ ਕਤਲ ਖ਼ਿਲਾਫ਼ ਰਾਜਸਥਾਨ ਵਿਧਾਨ ਸਭਾ ‘ਚ ਬਿਲ ਪਾਸ ਕੀਤਾ ਗਿਆ ਹੈ। ਇਸ ਤੋਂ ਬਾਅਦ ਰਾਜਸਥਾਨ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਪਿਆਰ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਸਗੋਂ ਪੁਲਿਸ ਵੱਲੋਂ ਪੂਰੀ ਮਦਦ ਅਤੇ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਜੀ ਹਾਂ, ਤਿੰਨ ਦਿਨ ਪਹਿਲਾਂ ਸੋਮਵਾਰ ਨੂੰ ਵਿਧਾਨਸਭਾ ‘ਚ ਆਨਰ ਕਿਲਿੰਗ ਬਿਲ-2019 ਪਾਸ ਕੀਤਾ ਗਿਆ ਹੈ। ਇਹ ਕਾਨੂੰਨ ਬਣਦੇ ਹੀ ਰਾਜਸਥਾਨ ਪੁਲਿਸ ਨੇ ਇਸ ਦੇ ਪ੍ਰਚਾਰ ਦੇ ਲਈ ਫ਼ਿਲਮ ‘ਮੁਗ਼ਲ-ਏ-ਆਜ਼ਮ’ ਦਾ ਹੀ ਸੀਨ ਲਿਆ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਅਧਿਕਾਰਤ ਟਵਿੱਟਰ ‘ਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਇਸ ‘ਤੇ ਲਿਖਿਆ ਹੈ ਕਿ ਹੁਣ ਮੁਗ਼ਲ-ਏ-ਆਜ਼ਮ ਦਾ ਜ਼ਮਾਨਾ ਗਿਆ। ਹੁਣ ਪਿਆਰ ਕਰਨਾ ਕੋਈ ਗੁਨਾਹ ਨਹੀਂ ਹੈ। ਜੇਕਰ ਪਿਆਰ ਕਰਨ ਵਾਲਿਆਂ ਨੂੰ ਕੋਈ ਸਰੀਰਕ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਨੂੰ ਉਮਰ ਕੈਦ ਹੋ ਸਕਦੀ ਹੈ। ਇਸ ਤੋਂ ਇਲਾਵਾ ਪੰਜ ਲੱਖ ਰੁਪਏ ਜ਼ੁਰਮਾਨਾ ਵੀ ਲੱਗ ਸਕਦਾ ਹੈ। ਐਤਵਾਰ ਨੂੰ ਫ੍ਰੈਂਡਸ਼ਿਪ ਡੇਅ ਮੌਕੇ ਵੀ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ ਸੀ, “ਤੁਹਾਡੇ ਨਾਲ ਦੋਸਤੀ ਕੀਤੀ ਹੈ ਤਾਂ ਹੁਣ ਨਿਭਾਉਣੀ ਤਾਂ ਪਵੇਗੀ ਰਾਜਸਥਾਨ ਪੁਲਿਸ ਦਾ ਸਾਰੇ ਦੋਸਤਾਂ ਨਾਲ ਵਾਅਦਾ ਹੈ… ‘ਅਸੀ ਹਮੇਸ਼ਾ ਤੁਹਾਡੇ ਨਾਲ ਹਾਂ, ਬਗੈਰ ਕਿਸੇ ਸ਼ਰਤ ਜਾਂ ਸ਼ਿਕਾਇਤ ਦੇ। ਤੁਹਾਡਾ ਪਿਆਰ ਸਾਡੀ ਤਾਕਤ ਹੈ।” ਸੂਬੇ ‘ਚ ਆਨਰ ਕਿਲਿੰਗ ਬਿਲ ਤਹਿਤ ਜੇਕਰ ਦੋ ਲੋਕ ਸਹਿਮਤੀ ਨਾਲ ਅੰਤਰਜਾਤੀ ਵਿਆਹ ਕਰਨ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਤਾਂ ਉਸ ਨੂੰ ਆਨਰ ਕਿਲਿੰਗ ਮੰਨਿਆ ਜਾਵੇਗਾ। ਇਹ ਸਾਰੇ ਨਿਯਮ ਅੰਤਰਜਾਤੀ ਵਿਆਹ, ਅੰਤਰਧਾਰਮਿਕ ਅਤੇ ਭਾਈਚਾਰੇ ‘ਚ ਵਿਆਹ ਤਹਿਤ ਲਾਗੂ ਹੁੰਦੇ ਹਨ।

  • Topics :

Related News