ਦਿੱਲੀ ਪੁਲਿਸ ਨੂੰ ਅੱਤਵਾਦੀ ਹਮਲੇ ਦਾ ਅਲਰਟ

ਨਵੀਂ ਦਿੱਲੀ:

ਖੁਫੀਆ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਅੱਤਵਾਦੀ ਹਮਲੇ ਦਾ ਅਲਰਟ ਦਿੱਤਾ ਹੈ। ਇਸ ਤੋਂ ਬਾਅਦ ਰਾਜਧਾਨੀ ‘ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਰਾਜੀਵ ਚੌਕ ਮੈਟਰੋ ਸਟੇਸ਼ਨ ‘ਤੇ ਅੱਤਵਾਦੀਆਂ ਦੇ ਪੋਸਟਰ ਲਾਏ ਗਏ ਹਨ। ਇਨ੍ਹਾਂ ਪੋਸਟਰਾਂ ‘ਚ ਇੰਡੀਅਨ ਮੁਜ਼ਾਹਿਦੀਨ, ਅਲ ਕਾਇਦਾ ਤੇ ਖਾਲਿਸਤਾਨੀ ਅੱਤਵਾਦੀ ਹਨ। ਪੋਸਟਰਾਂ ‘ਚ ਪੁਲਿਸ ਦੇ ਨੰਬਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਨ੍ਹਾਂ ਦੇ ਕਿਤੇ ਵੀ ਨਜ਼ਰ ਆਉਣ ‘ਤੇ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਗਈ ਹੈ। ਸੂਹ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਇਸ ਦੌਰਾਨ ਸੋਮਵਾਰ ਰਾਤ ਦਿੱਲੀ ਏਅਰਪੋਰਟ ਦੇ ਟਰਮੀਨਲ 2 ‘ਤੇ ਬੰਬ ਮਿਲਣ ਦੀ ਖ਼ਬਰ ਮਿਲੀ। ਡਿਪਟੀ ਪੁਲਿਸ ਕਮਿਸ਼ਨਰ ਸੰਜੇ ਭਾਟੀਆ ਨੇ ਕਿਹਾ ਕਿ ਕਾਲਰ ਨੇ ਕਿਹਾ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ-2 ‘ਤੇ ਬੰਬ ਰੱਖਿਆ ਗਿਆ ਹੈ। ਜੇਕਰ ਬੰਬ ਫਟਣ ਤੋਂ ਰੋਕ ਸਕਦੇ ਹੋ ਤਾਂ ਰੋਕ ਕੇ ਦਿਖਾਓ। ਜਦਕਿ ਤਲਾਸ਼ੀ ਤੋਂ ਬਾਅਦ ਇਹ ਸੂਚਨਾ ਮਹਿਜ਼ ਇੱਕ ਅਫਵਾਹ ਨਿਕਲੀ। ਭਾਟੀਆ ਮੁਤਾਬਕ ਰਾਤ ਕਰੀਬ ਸਾਢੇ ਅੱਠ ਵਜੇ ਦਿੱਲੀ ਪੁਲਿਸ ਨੂੰ ਬੰਬ ਦੀ ਸੂਚਨਾ ਮਿਲੀ ਸੀ। ਜਿਸ ਨੰਬਰ ਤੋਂ ਕਾਲ ਆਈ ਸੀ, ਉਸ ਯੂਜ਼ਰ ਦਾ ਕਹਿਣਾ ਹੈ ਕਿ ਉਸ ਨੇ ਤਾਂ ਅਜਿਹਾ ਕੋਈ ਫੋਨ ਨਹੀਂ ਕੀਤਾ। ਪੁਲਿਸ ਅਜੇ ਵੀ ਅਹਿਤੀਆਤ ਵਰਤ ਰਹੀ ਹੈ ਤੇ ਜਾਂਚ ਕਰ ਰਹੀ ਹੈ। ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਏਅਰਪੋਰਟ ‘ਤੇ ਭਾਰੀ ਗਿਣਤੀ ‘ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ 20 ਅਗਸਤ ਤਕ ਏਅਰਪੋਰਟ ਦੇ ਨਾਲ ਦੇ ਇਲਾਕਿਆਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਯਾਤਰੀਆਂ ਨੂੰ ਵੀ ਤਿੰਨ ਤੋਂ ਚਾਰ ਘੰਟੇ ਪਹਿਲਾਂ ਏਅਰਪੋਰਟ ਪਹੁੰਚਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

  • Topics :

Related News