23ਵੇਂ ਦਿਨ ਤੱਕ ਵੀ ਜ਼ਿੰਦਗੀ ਪੱਟੜੀ 'ਤੇ ਨਹੀਂ ਚੜ੍ਹੀ

ਸ਼੍ਰੀਨਗਰ:

ਕਸ਼ਮੀਰ ਵਿੱਚ 23ਵੇਂ ਦਿਨ ਤੱਕ ਵੀ ਜ਼ਿੰਦਗੀ ਪੱਟੜੀ 'ਤੇ ਨਹੀਂ ਚੜ੍ਹੀ। ਬੇਸ਼ੱਕ ਅਜੇ ਤੱਕ ਕੋਈ ਵੱਡਾ ਹਿੰਸਕ ਟਕਰਾਅ ਨਹੀਂ ਹੋਇਆ ਪਰ ਲੋਕਾਂ ਵਿੱਚ ਸਹਿਮ ਹੈ। ਲੋਕ ਬਾਹਰ ਨਿਕਲਣ ਤੋਂ ਡਰਦੇ ਹਨ ਜਿਸ ਕਰਕੇ ਬੱਚਿਆਂ ਨੂੰ ਵੀ ਸਕੂਲ ਨਹੀਂ ਭੇਜ ਰਹੇ। ਇਸ ਤੋਂ ਇਲਾਵਾ 23 ਦਿਨਾਂ ਤੋਂ ਕਾਰੋਬਾਰ ਵੀ ਠੱਪ ਪਏ ਹਨ। ਸੁਰੱਖਿਆ ਏਜੰਸੀਆਂ ਨੇ ਕਈ ਇਲਾਕਿਆਂ ਵਿੱਚ ਢਿੱਲ ਦਿੱਤੀ ਹੈ, ਇਸ ਦੇ ਬਾਵਜੂਦ ਬਾਜ਼ਾਰਾਂ ਵਿੱਚ ਰੌਣਕ ਨਹੀਂ ਪਰਤੀ। ਯਾਦ ਰਹੇ ਪੰਜ ਅਗਸਤ ਨੂੰ ਕਸ਼ਮੀਰ ਵਿੱਚੋਂ ਧਾਰਾ-370 ਹਟਾਉਣ ਤੋਂ ਪਹਿਲਾਂ ਸੂਬੇ ਨੂੰ ਪੂਰੀ ਦੁਨੀਆ ਨਾਲੋਂ ਕੱਟ ਦਿੱਤਾ ਸੀ। ਧਾਰਾ-370 ਹਟਾਉਣ ਤੋਂ ਬਾਅਦ ਗੜਬੜੀ ਦੇ ਡਰੋਂ ਅੱਜ ਤੱਕ ਆਮ ਜਨ-ਜੀਵਨ ਪ੍ਰਭਾਵਿਤ ਹੈ। ਸਰਕਾਰ ਨੇ ਹਾਲਾਤ ਆਮ ਕਰਨ ਲਈ ਸਕੂਲ ਖੋਲ੍ਹੇ ਹਨ। ਸਕੂਲਾਂ ਵਿੱਚ ਅਧਿਆਪਕ ਪਹੁੰਚ ਰਹੇ ਹਨ ਪਰ ਬੱਚੇ ਨਹੀਂ। ਇਸ ਬਾਰੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਸਕੂਲ ਤੇ ਮਾਰਕੀਟਾਂ ਬੰਦ ਰਹੇ ਪਰ ਸੜਕਾਂ ’ਤੇ ਨਿੱਜੀ ਵਾਹਨਾਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਵਾਦੀ ਦੀਆਂ ਕਈ ਥਾਵਾਂ ਤੋਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਪਰ ਕਾਨੂੰਨੀ ਪ੍ਰਬੰਧ ਬਣਾਈ ਰੱਖਣ ਲਈ ਫੌਜ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਸਿੱਖਿਆ ਸੰਸਥਾਨ ਪੂਰੀ ਤਰ੍ਹਾਂ ਬੰਦ ਹਨ ਤੇ ਸਰਕਾਰੀ ਸਕੂਲ ਵਿੱਚ ਬੱਚਿਆਂ ਦੀ ਹਾਜ਼ਰੀ ਨਾਂਮਾਤਰ ਹੀ ਹੈ। ਇਸ ਤੋਂ ਇਲਾਵਾ ਜ਼ਿਆਦਾਤਰ ਥਾਵਾਂ ’ਤੇ ਲੈਂਡਲਾਈਨ ਸੇਵਾਵਾਂ ਵੀ ਬਹਾਲ ਕਰ ਦਿੱਤੀਆਂ ਗਈਆਂ ਹਨ ਪਰ ਲਾਲ ਚੌਕ ਤੇ ਪ੍ਰੈੱਸ ਐਨਕਲੇਵ ਵਿੱਚ ਪਾਬੰਦੀਆਂ ਹਾਲੇ ਵੀ ਜਾਰੀ ਹਨ। ਪੰਜ ਅਗਸਤ ਨੂੰ ਧਾਰਾ-370 ਹਟਾਉਣ ਤੋਂ ਬਾਅਦ ਇਸ ਖਿੱਤੇ ਵਿਚ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਠੱਪ ਪਈਆਂ ਹਨ।

  • Topics :

Related News