ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ

Aug 24 2019 04:56 PM

ਤਰਨ ਤਾਰਨ:

ਪੱਟੀ ਦੇ ਕਾਲਜ ਰੋਡ 'ਤੇ ਰਹਿੰਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਸਾਹਿਬ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪੱਟੀ ਵਜੋਂ ਹੋਈ ਹੈ। ਨਸ਼ਿਆਂ ਖ਼ਿਲਾਫ਼ 'ਕਫਨ ਬੋਲ ਪਿਆ' ਸੰਸਥਾ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਫੱਟੇ 'ਤੇ ਪਾ ਕੇ ਸਾਰੇ ਸ਼ਹਿਰ 'ਚੋਂ ਲਿਜਾਈ ਗਈ ਅਤੇ ਐਸਡੀਐਮ ਪੱਟੀ ਦੇ ਦਫ਼ਤਰ ਮੂਹਰੇ ਰੱਖ ਨਸ਼ਿਆਂ ਨੂੰ ਖਤਮ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੰਸਥਾ ਦੇ ਪ੍ਰਧਾਨ ਮੁਖਤਿਆਰ ਸਿੰਘ ਪੱਟੀ ਨੇ ਕਿਹਾ ਕਿ ਨਸ਼ਿਆਂ 'ਤੇ ਕੋਈ ਵੀ ਰੋਕਥਾਮ ਨਹੀਂ ਹੋਈ ਬੇਸ਼ੱਕ ਸਰਕਾਰਾਂ ਹਰ ਰੋਜ਼ ਕਹਿ ਰਹੀਆਂ ਹਨ ਕਿ ਨਸ਼ਿਆਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਪਰ ਨਸ਼ੇ ਦਾ ਅਜੇ ਵੀ ਬੋਲਬਾਲਾ ਹੈ ਜਿਸ ਦੌਰਾਨ ਹਰ ਰੋਜ ਨੌਜਵਾਨ ਨਸ਼ਿਆਂ ਦੀ ਭੇਂਟ ਚੜ ਰਹੇ ਹਨ। ਪੱਟੀ ਨੇ ਕਿਹਾ ਕਿ ਅੱਜ ਵੀ ਇਕੱਲੇ ਪੰਜਾਬ ਅੰਦਰ ਆਰਟੀਆਈ ਤਹਿਤ ਇਕੱਠੀ ਕੀਤੀ ਜਾਣਕਾਰੀ ਮੁਤਾਬਕ ਲੱਖਾ ਨੌਜਵਾਨ ਨਸ਼ੇ ਦੇ ਸ਼ਿਕਾਰ ਹਨ। ਪੱਟੀ ਨੇ ਕਿਹਾ ਕਿ ਜੇਕਰ ਕੇਂਦਰ, ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪੂਰੀ ਇਮਾਨਦਾਰੀ ਨਾਲ ਨਸ਼ੇ ਦੇ ਖਾਤਮੇ ਲਈ ਕੰਮ ਕਰਨ ਤਾਂ ਪੰਜਾਬ ਨਸ਼ਾਂ ਮੁਕਤ ਹੋ ਸਕਦਾ ਹੈ।ਮੁਖਤਿਆਰ ਸਿੰਘ ਪੱਟੀ ਨੇ ਕਿਹਾ ਕਿ 23 ਮਾਰਚ 2016 ਨੂੰ ਉਹ ਖੁਦ ਆਪਣੇ ਪੁੱਤਰ ਮਨਜੀਤ ਸਿੰਘ ਦੀ ਲਾਸ਼ 'ਤੇ ਹੱਥ ਲਿਖਤ ਕਫਨ ਪਾ ਕਿ ਉਸ ਵੇਲੇ ਦੇ ਐਸਡੀਐਮ ਰਾਹੀਂ ਭਾਰਤ ਸਰਕਾਰ ਨੂੰ ਕਫਨ ਭੇਜਿਆ ਸੀ ਅਤੇ ਮੰਗ ਕੀਤੀ ਸੀ ਕਿ ਨਸ਼ੇ ਨੂੰ ਖਤਮ ਕੀਤਾ ਜਾਵੇ।

  • Topics :

Related News