ਜੈਸ਼-ਏ-ਮੁਹੰਮਦ ਚੀਫ ਮਸੂਦ ਅਜ਼ਹਰ ਦੇ ਕਥਿਤ ਤੌਰ ’ਤੇ ਮਾਰੇ ਜਾਣ ਦੀਆਂ ਖ਼ਬਰਾਂ ਬਾਰੇ ਚਰਚਾ ਕੀਤੀ

ਚੰਡੀਗੜ੍ਹ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਰਾਤ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਈ ਸੀ। ਇਨ੍ਹਾਂ ਵਿੱਚ ਜੈਸ਼-ਏ-ਮੁਹੰਮਦ ਚੀਫ ਮਸੂਦ ਅਜ਼ਹਰ ਦੇ ਕਥਿਤ ਤੌਰ ’ਤੇ ਮਾਰੇ ਜਾਣ ਦੀਆਂ ਖ਼ਬਰਾਂ ਬਾਰੇ ਚਰਚਾ ਕੀਤੀ ਗਈ। ਮੋਦੀ ਨੇ ਆਪਣੀ ਰਿਹਾਇਸ਼ ’ਤੇ ਬੈਠਕ ਬੁਲਾਈ ਸੀ। ਇਸ ਵਿੱਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਵੱਤ ਮੰਤਰੀ ਅਰੁਣ ਜੇਤਲੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਕੌਮੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੌਬਾਲ ਤੇ ਵਿਦੇਸ਼ ਸਕੱਤਰ ਵਿਜੈ ਗੌਖਲੇ ਸ਼ਾਮਲ ਹੋਏ। ਮੀਟਿੰਗ ਵਿੱਚ ਏਅਰ ਸਟ੍ਰਾਈਕ ਤੋਂ ਬਾਅਦ ਦੇ ਹਾਲਾਤ ਬਾਰੇ ਵੀ ਚਰਚਾ ਹੋਈ। ਦਰਅਸਲ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਮਸੂਦ ਅਜ਼ਹਰ ਦੇ ਮਾਰੇ ਜਾਣ ਦੀ ਖ਼ਬਰ ਵਾਇਰਲ ਹੋਈ ਸੀ। ਹਾਲਾਂਕਿ ਪਾਕਿਸਤਾਨੀ ਮੀਡੀਆ ਨੇ ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਅਜ਼ਹਰ ਦੇ ਮਾਰੇ ਜਾਣ ਦੀਆਂ ਖ਼ਬਰਾਂ ਖਾਰਜ ਕਰ ਦਿੱਤੀਆਂ ਹਨ। ਜੀਓ ਟੀਵੀ ਨੇ ਮਸੂਦ ਦੇ ਪਰਿਵਾਰ ਦੇ ਕਰੀਬੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਉਹ ਜਿਊਂਦਾ ਹੈ। ਇਸ ਤੋਂ ਇਲਾਵਾ ਜੈਸ਼ ਨੇ ਵੀ ਮਸੂਦ ਦੇ ਜਿਊਂਦਾ ਹੋਣ ਦਾ ਦਾਅਵਾ ਕੀਤਾ ਹੈ। ਪਾਕਿਸਤਾਨ ਸਰਕਾਰ ਤੇ ਉਸ ਦੀ ਫੌਜ ਵੱਲੋਂ ਵੀ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਖ਼ਬਰ ਏਜੰਸੀ ਆਈਏਐਨਐਸ ਨੇ ਵੀ ਇੱਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਸੀ ਕਿ ਬਾਲਾਕੋਟ ਵਿੱਚ ਭਾਰਤੀ ਹਵਾਈ ਫੌਜ ਦੀ ਏਅਰ ਸਟ੍ਰਾਈਕ ਵਿੱਚ ਉਹ ਮਾਰਿਆ ਗਿਆ ਹੈ।

  • Topics :

Related News