ਤੀਹਰੇ ਤਲਾਕ ਬਿੱਲ 'ਤੇ ਬੀਜੀਪੀ ਦੀ ਜਿੱਤ ਵਿਰੋਧੀਆਂ ਨੇ ਹੀ ਯਕੀਨੀ ਬਣਾਈ

ਨਵੀਂ ਦਿੱਲੀ:

ਤੀਹਰੇ ਤਲਾਕ ਬਿੱਲ 'ਤੇ ਬੀਜੀਪੀ ਦੀ ਜਿੱਤ ਵਿਰੋਧੀਆਂ ਨੇ ਹੀ ਯਕੀਨੀ ਬਣਾਈ ਹੈ। ਬੇਸ਼ੱਕ ਵਿਰੋਧੀ ਧਿਰਾਂ ਇਸ ਦਾ ਵਿਰੋਧ ਕਰ ਰਹੀਆਂ ਸੀ ਪਰ ਰਾਜ ਸਭਾ ਵਿੱਚ ਵੋਟਿੰਗ ਦੌਰਾਨ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ਪੰਜ-ਪੰਜ ਮੈਂਬਰਾਂ ਸਣੇ ਕਰੀਬ 20 ਮੈਂਬਰ ਗੈਰਹਾਜ਼ਰ ਰਹੇ। ਜੇ ਵਿਰੋਧੀ ਧਿਰ ਦੇ ਮੈਂਬਰ ਸਦਨ ਵਿੱਚ ਹਾਜ਼ਰ ਹੁੰਦੇ ਤਾਂ ਘੱਟ ਤੋਂ ਘੱਟ ਇਹ ਬਿੱਲ ਸੰਸਦ ਦੀ ਸਿਲੈਕਟ ਕਮੇਟੀ ਨੂੰ ਭੇਜਣ ਦਾ ਰਾਹ ਸਾਫ਼ ਹੋ ਜਾਣਾ ਸੀ। ਹੁਣ ਕਾਂਗਰਸ ਵੱਲੋਂ ਵ੍ਹਿੱਪ ਜਾਰੀ ਕਰਨ ਦੇ ਬਾਵਜੂਦ ਗੈਰਹਾਜ਼ਰ ਰਹੇ ਮੈਂਬਰਾਂ ਦੀ ਜਵਾਬਦੇਹੀ ਹੋ ਸਕਦੀ ਹੈ। ਕਾਂਗਰਸ ਦੇ ਗੈਰਹਾਜ਼ਰ ਰਹੇ ਮੈਂਬਰਾਂ ਵਿੱਚ ਪ੍ਰਤਾਪ ਸਿੰਘ ਬਾਜਵਾ, ਵਿਵੇਕ ਟੰਕਾ, ਮੁਕਤ ਮਿਤੀ, ਰੰਜੀਬ ਬਿਸਵਾਲ ਸ਼ਾਮਲ ਹਨ। ਇਸ ਬਿੱਲ ਨੂੰ ਮੁਸਲਿਮ ਔਰਤਾਂ ਦੀ ਆਜ਼ਾਦੀ ਤੇ ਮਾਣ-ਸਨਮਾਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਨੂੰ ਮੋਦੀ ਸਰਕਾਰ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਯਾਦ ਰਹੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਤੀਹਰਾ ਤਲਾਕ ਬਿੱਲ ਪਾਸ ਕਰਕੇ ਮੁਸਲਮਾਨ ਔਰਤਾਂ ਨੂੰ ਤੁਰੰਤ ਦਿੱਤੇ ਜਾਂਦੇ ਤਲਾਕ ਦੀ ਪ੍ਰਥਾ ਨੂੰ ਫੌਜਦਾਰੀ ਅਪਰਾਧ ਵਿੱਚ ਬਦਲ ਦਿੱਤਾ ਹੈ। ਰਾਜ ਸਭਾ ਵਿੱਚ ਵਿੱਚ ਭਖਵੀਂ ਬਹਿਸ ਤੋਂ ਬਾਅਦ ਬਿੱਲ ਦੇ ਹੱਕ ਵਿੱਚ 99 ਤੇ ਵਿਰੋਧ ਵਿੱਚ 84 ਵੋਟਾਂ ਪਈਆਂ। ਹੁਣ ਇਹ ਬਿੱਲ ਪ੍ਰਵਾਨਗੀ ਲਈ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ ਤੇ ਇਸ ਤੋਂ ਬਾਅਦ ਬਿੱ੍ਰਲ ਕਾਨੂੰਨ ਵਿੱਚ ਤਬਦੀਲ ਹੋ ਜਾਵੇਗਾ। ਬਿੱਲ ਪਾਸ ਹੋਣ ਤੋਂ ਪਹਿਲਾਂ ਰਾਜ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਬਿੱਲ ਨੂੰ ਰਾਜ ਸਭਾ ਦੀ ਸਿਲੈਕਟ ਕਮੇਟੀ ਨੂੰ ਭੇਜਣ ਲਈ ਲਿਆਂਦਾ ਮਤਾ ਡਿੱਗ ਗਿਆ। ਮਤੇ ਦੇ ਹੱਕ ਵਿੱਚ 84 ਵੋਟਾਂ ਤੇ ਵਿਰੋਧ ਵਿੱਚ 100 ਵੋਟਾਂ ਪਈਆਂ। ਰਾਜ ਸਭਾ ਵਿੱਚ ਤੀਹਰੇ ਤਲਾਕ ਵਿਰੁੱਧ ਲਿਆਂਦੇ ਬਿੱਲ ’ਤੇ ਬੀਜੂ ਜਨਤਾ ਦਲ ਨੇ ਐਨਡੀਏ ਦੀ ਹਮਾਇਤ ਕੀਤੀ ਤੇ ਜਨਤਾ ਦਲ (ਯੂਨਾਈਟਿਡ) ਤੇ ਅੰਨਾਡੀਐਮਕੇ ਨੇ ਵਾਕਆਊਟ ਕੀਤਾ। ਰਾਜ ਸਭਾ ਵਿੱਚ ਸੱਤਾਧਾਰੀ ਧਿਰ ਐਨਡੀਏ ਕੋਲ 242 ਮੈਂਬਰਾਂ ਵਿੱਚੋਂ 107 ਮੈਂਬਰ ਹਨ ਤੇ ਬਹੁਮੱਤ ਲਈ 121 ਮੈਂਬਰਾਂ ਦੀ ਲੋੜ ਬਣਦੀ ਹੈ ਪਰ ਸਮਾਜਵਾਦੀ ਪਾਰਟੀ ਤੇ ਬਸਪਾ ਦੇ ਟੀਆਰਐਸ ਤੇ ਵਾਈਐਸਆਰ-ਕਾਂਗਰਸ ਕੁਝ ਮੈਂਬਰ ਸਦਨ ਵਿੱਚੋਂ ਗੈਰਹਾਜ਼ਰ ਰਹੇ ਤੇ ਇਸ ਦਾ ਫਾਇਦਾ ਸੱਤਾਧਾਰੀ ਧਿਰ ਨੂੰ ਮਿਲਿਆ।

  • Topics :

Related News