ਦਰਸ਼ਨਾਂ ਲਈ ਹੁਣ ਸਾਰਿਆਂ ਨੂੰ ਇੱਕੋ ਰਸਤੇ ਆਉਣਾ ਜਾਣਾ ਪਵੇਗਾ

Mar 30 2019 03:59 PM

ਅੰਮ੍ਰਿਤਸਰ:

ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਹੁਣ ਸਾਰਿਆਂ ਨੂੰ ਇੱਕੋ ਰਸਤੇ ਆਉਣਾ ਜਾਣਾ ਪਵੇਗਾ। ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਅਹਿਮ ਸ਼ਖ਼ਸੀਅਤਾਂ ਲਈ ਸੰਗਤ ਦੇ ਵਾਪਸ ਜਾਣ ਵਾਲੇ ਰਸਤੇ ਦੇ ਨਾਲ ਦਰਸ਼ਨੀ ਡਿਉਢੀ ਵਾਲਾ ਰਾਸਤਾ ਜਾਂਦਾ ਸੀ। ਹੁਣ ਉਸ 'ਤੇ ਰੋਕ ਲਗਾ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਨਾਲ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਕਤਾਰਾਂ 'ਚ ਖੜ੍ਹੇ ਹੋਣ ਵਾਲੇ ਆਮ ਸ਼ਰਧਾਲੂਆਂ ਨੂੰ ਕਾਫ਼ੀ ਰਾਹਤ ਮਿਲੀ ਹੈ ਅਤੇ ਨਾਲ ਹੀ ਇਹ ਫ਼ੈਸਲਾ ਸਿਫ਼ਾਰਸ਼ੀ, ਚੌਧਰੀਆਂ ਤੇ ਵੀਆਈਪੀਜ਼ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਅਹਿਮ ਤੇ ਵਿਸ਼ੇਸ਼ ਸ਼ਰਧਾਲੂ ਤੇ ਸ਼ਖ਼ਸੀਅਤਾਂ ਪਹਿਲਾਂ ਬੇਨਤੀ ਕਰਕੇ ਜਾਂ ਆਪਣੇ ਅਸਰ ਰਸੂਖ਼ ਕਾਰਨ ਸ੍ਰੀ ਲਾਚੀ ਬੇਰ ਵਾਲੇ ਰਸਤੇ ਰਾਹੀਂ ਦਾਖਲ ਹੋ ਕੇ ਦਰਸ਼ਨ ਕਰਨ 'ਚ ਸਫਲ ਹੋ ਜਾਂਦੇ ਸਨ। ਪ੍ਰਬੰਧਕਾਂ ਵਲੋਂ ਬਣਾਈ ਗਈ ਨਵੀਂ ਯੋਜਨਾ ਅਨੁਸਾਰ ਹੁਣ ਸੂਚਨਾ ਕੇਂਦਰ ਵਿਖੇ ਦਰਸ਼ਨਾਂ ਲਈ ਪੁੱਜਦੇ ਵੀ.ਆਈ.ਪੀ. ਤੇ ਅਸਰ ਰਸੂਖ਼ ਰੱਖਣ ਵਾਲੇ ਸ਼ਰਧਾਲੂਆਂ ਨੂੰ ਵੀ ਸ੍ਰੀ ਲਾਚੀ ਬੇਰੀ ਵਾਲੇ ਰਸਤੇ ਦੀ ਥਾਂ ਦਰਸ਼ਨੀ ਡਿਉਢੀ ਦੇ ਖੱਬੇ ਹੱਥ ਵਾਲੇ ਤੇ ਆਮ ਤੌਰ 'ਤੇ ਬੰਦ ਰਹਿੰਦੇ ਰਸਤੇ, ਜੋ ਕਿ ਡਿਉਢੀ ਦੇ ਅੰਦਰ ਖੜ੍ਹੇ ਚੋਬਦਾਰ ਸਿੰਘ ਕੋਲ ਜਾ ਨਿਕਲਦਾ ਹੈ, ਰਾਹੀਂ ਹੋ ਕੇ ਵਿਚਕਾਰਲੀ ਇਕਹਿਰੀ ਕਤਾਰ ਦੁਆਰਾ ਭੇਜਿਆ ਜਾਵੇਗਾ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਇਸ ਨਵੀਂ ਲਾਗੂ ਕੀਤੀ ਯੋਜਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਫ਼ੈਸਲੇ ਨਾਲ ਆਮ ਸ਼ਰਧਾਲੂਆਂ ਨੂੰ ਕਾਫ਼ੀ ਰਾਹਤ ਮਿਲੀ ਹੈ ਤੇ ਮੱਥਾ ਟੇਕਣ ਲਈ ਜਿੱਥੇ ਪਹਿਲਾਂ ਡੇਢ ਘੰਟੇ ਦੇ ਕਰੀਬ ਸਮਾਂ ਲੱਗਦਾ ਸੀ, ਹੁਣ ਇੱਕ ਘੰਟੇ ਦੇ ਕਰੀਬ ਹੀ ਲੱਗੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਛੋਟੇ ਬੱਚਿਆਂ ਵਾਲੀਆਂ ਬੀਬੀਆਂ ਤੇ ਬਜ਼ੁਰਗਾਂ ਨੂੰ ਵੀ ਵਿਚਕਾਰਲੀ ਲਾਈਨ 'ਚ ਹੀ ਭੇਜਿਆ ਜਾਵੇਗਾ ਤਾਂ ਕਿ ਦਰਸ਼ਨ ਕਰਨ ਸਮੇਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਸਿੰਘਾਂ ਤੇ ਹੋਰ ਸੇਵਾਦਾਰ ਸਿੰਘਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਵੀ ਗ਼ਲਤ ਪਾਸਿਓਂ ਅੰਦਰ ਜਾਣ ਦੀ ਥਾਂ ਅੱਧਾ ਘੰਟਾ ਪਹਿਲਾਂ ਛੋਟੀ ਲਾਈਨ 'ਚ ਲੱਗ ਕੇ ਹੀ ਡਿਊਟੀ 'ਤੇ ਜਾਣ। ਉਨ੍ਹਾਂ ਕਿਹਾ ਕਿ ਹੁਣ ਸ੍ਰੀ ਲਾਚੀ ਬੇਰ ਵਾਲੇ ਰਸਤੇ ਦੁਆਰਾ ਹੁਣ ਕੇਵਲ ਅਪੰਗ ਸ਼ਰਧਾਲੂਆਂ ਜਾਂ ਚੱਲਣ ਤੋਂ ਅਸਮਰਥ ਤੇ ਬਜ਼ੁਰਗਾਂ ਨੂੰ ਹੀ ਭੇਜਿਆ ਜਾਵੇਗਾ। ਦੇਖਣ ਵਿੱਚ ਆਉਂਦਾ ਸੀ ਕੇ ਅਕਸਰ ਅਜਿਹੇ ਰਸਤੇ ਕਾਰਨ ਸ਼ਰਧਾਲੂ ਕਮੇਟੀ ਮੁਲਾਜ਼ਮਾਂ ਨਾਲ ਝਗੜਦੇ ਸਨ ਤੇ ਸਿਫਾਸ਼ੀ ਕੁਝ ਮਿੰਟਾਂ ਵਿੱਚ ਹੀ ਦਰਸ਼ਨ ਕਰ ਕੇ ਪਰਤ ਆਉਂਦੇ ਸਨ।

  • Topics :

Related News