ਗਰੀਨ ਕਾਰਡ 'ਤੇ ਲੱਗੀ ਹੱਦਬੰਦੀ ਨੂੰ ਹਟਾਉਣ ਵਾਲਾ ਬਿੱਲ ਪੇਸ਼

Feb 09 2019 03:25 PM

ਵਾਸ਼ਿੰਗਟਨ:

ਅਮਰੀਕੀ ਸੈਨੇਟ ਤੇ ਸੰਸਦ ਵਿੱਚ ਗਰੀਨ ਕਾਰਡ 'ਤੇ ਲੱਗੀ ਹੱਦਬੰਦੀ ਨੂੰ ਹਟਾਉਣ ਵਾਲਾ ਬਿੱਲ ਪੇਸ਼ ਕਰ ਦਿੱਤਾ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਭਾਰਤੀਆਂ ਲਈ ਬੇਹੱਦ ਵੱਡੀ ਰਾਹਤ ਸਾਬਤ ਹੋ ਸਕਦਾ ਹੈ। ਜੇਕਰ ਕਾਂਗਰਸ ਬਿੱਲ ਨੂੰ ਪਾਸ ਕਰ ਦਿੰਦੀ ਹੈ ਤਾਂ ਇਸ ਨਾਲ ਐਚ-1ਬੀ ਵੀਜ਼ਾ 'ਤੇ ਅਮਰੀਕਾ ਗਏ ਭਾਰਤੀਆਂ ਲਈ ਦੇਸ਼ ਵਿੱਚ ਪੱਕੇ ਹੋਣ ਵਾਲਾ ਰਸਤਾ ਖੁੱਲ੍ਹ ਜਾਵੇਗਾ। ਸਿਰਫ਼ ਐਚ-1ਬੀ ਵੀਜ਼ਾ ਹੀ ਨਹੀਂ ਰੁਜ਼ਗਾਰ ਦੇ ਹੋਰ ਤਰੀਕਿਆਂ ਰਾਹੀਂ ਅਮਰੀਕਾ ਗਏ ਭਾਰਤੀ ਵੀ ਇਸ ਹੱਦਬੰਦੀ ਦੇ ਹਟਣ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ। ਸੈਨੇਟ ਦੇ ਮੈਂਬਰਾਂ ਮਾਈਕ ਲੀ ਤੇ ਭਾਰਤੀ ਮੂਲ ਦੀ ਸਿਆਸਤਦਾਨ ਕਮਲਾ ਹੈਰਿਸ ਨੇ ਇਸ ਬਿੱਲ ਨੂੰ ਪੇਸ਼ ਕੀਤਾ। ਅਪਰੈਲ 2018 ਤਕ ਕੁੱਲ 3,95,025 ਵਿਦੇਸ਼ੀ ਨਾਗਰਿਕਾਂ ਵਿੱਚੋਂ 3,06,601 ਭਾਰਤੀ ਗ੍ਰੀਨ ਕਾਰਡ ਲਈ ਉਡੀਕ ਵਿੱਚ ਸਨ। ਇਸ ਤੋਂ ਸਾਫ਼ ਹੈ ਕਿ ਜੇਕਰ ਇਹ ਸ਼ਰਤ ਹਟੇਗੀ ਤਾਂ ਲੱਖਾਂ ਭਾਰਤੀਆਂ ਨੂੰ ਫਾਇਦਾ ਮਿਲੇਗਾ। ਅਮਰੀਕਾ ਹਰ ਸਾਲ 1,40,000 ਗ੍ਰੀਨ ਕਾਰਡ ਜਾਰੀ ਕਰਦਾ ਹੈ, ਜਿਨ੍ਹਾਂ ਵਿੱਚ ਰੁਜ਼ਗਾਰ ਰਾਹੀਂ ਆਏ ਪ੍ਰਵਾਸੀ, ਐਚ-1ਬੀ ਵੀਜ਼ਾ ਧਾਰਕ ਤੇ ਐਲ ਵੀਜ਼ਾ ਧਾਰਕ ਪੱਕੇ ਹੋਣ ਲਈ ਬਿਨੈ ਕਰ ਸਕਦੇ ਹਨ। ਮੌਜੂਦਾ ਪ੍ਰਣਾਲੀ ਵਿੱਚ ਕੁਝ ਖੇਤਰ ਅਜਿਹੇ ਹਨ ਜਿਸ ਲਈ ਭਾਰਤੀ ਨਾਗਰਿਕ ਨੂੰ ਬਿਨੈ ਕਰਨ ਮਗਰੋਂ ਪੱਕੇ ਹੋਣ ਤਕ 150 ਸਾਲ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਪਰ ਹੁਣ ਇਨ੍ਹਾਂ ਰੋਕਾਂ ਦੇ ਦੂਰ ਹੋਣ ਦੀ ਆਸ ਬੱਝ ਗਈ ਹੈ।

  • Topics :

Related News