ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਯਾਨੀ ਐਮਐਫਐਨ ਦਰਜਾ ਵਾਪਸ ਲੈਣ ਦਾ ਫੈਸਲਾ

ਨਵੀਂ ਦਿੱਲੀ:

ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ 'ਤੇ 42 ਜਵਾਨਾਂ ਦੀ ਸ਼ਹਾਦਤ ਮਗਰੋਂ ਸੁਰੱਖਿਆ ਸਬੰਧੀ ਕਮੇਟੀ (ਸੀਸੀਐਸ) ਦੀ ਸ਼ੁੱਕਰਵਾਰ ਸਵੇਰੇ ਅਹਿਮ ਬੈਠਕ ਹੋਈ। ਇਸ ਵਿੱਚ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਯਾਨੀ ਐਮਐਫਐਨ ਦਰਜਾ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਗੁਆਂਢੀ ਦੇਸ਼ ਤੇ ਅੱਤਵਾਦੀ ਬਹੁਤ ਵੱਡੀ ਗ਼ਲਤੀ ਕਰ ਚੁੱਕੇ ਹਨ ਤੇ ਇਸ ਹਮਲੇ ਦੇ ਗੁਨਾਹਗਾਰਾਂ ਨੂੰ ਸਜ਼ਾ ਜ਼ਰੂਰ ਮਿਲੇਗੀ। ਇਲਾਜ ਮਗਰੋਂ ਮੁੜ ਤੋਂ ਆਪਣਾ ਅਹੁਦਾ ਸੰਭਾਲ ਚੁੱਕੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਪੁਲਵਾਮਾ ਵਿੱਚ ਜੋ ਹੋਇਆ, ਉਸ ਸਬੰਧੀ ਸੀਸੀਐਸ ਦੀ ਚਰਚਾ ਹੋਈ, ਪਰ ਇਸ ਬਾਰੇ ਉਹ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਉਨ੍ਹਾਂ ਇਹ ਜ਼ਰੂਰ ਕਿਹਾ ਕਿ ਅਸੀਂ ਕੌਮਾਂਤਰੀ ਪੱਧਰ 'ਤੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰ ਦਿਆਂਗੇ।

ਮੋਸਟ ਫੇਰਵਡ ਨੇਸ਼ਨ ਕੀ? ਮੋਸਟ ਫੇਰਵਡ ਨੇਸ਼ਨ ਯਾਨੀ ਸਭ ਤੋਂ ਵੱਧ ਤਰਜੀਹ ਦਿੱਤੇ ਜਾਣ ਵਾਲਾ ਦੇਸ਼। ਕੌਮਾਂਤਰੀ ਵਪਾਰ ਸੰਗਠਨ ਤੇ ਕੌਮਾਂਤਰੀ ਵਪਾਰ ਦੇ ਨਿਯਮਾਂ ਦੇ ਆਧਾਰ 'ਤੇ ਵਪਾਰ ਵਿੱਚ ਐਮਐਫਐਨ ਦਾ ਦਰਜਾ ਜਿਸ ਵੀ ਦੇਸ਼ ਨੂੰ ਮਿਲਦਾ ਹੈ, ਉਸ ਨੂੰ ਇਹ ਭਰੋਸਾ ਰਹਿੰਦਾ ਹੈ ਕਿ ਕਾਰੋਬਾਰ ਦੇ ਮਾਮਲੇ ਵਿੱਚ ਉਸ ਦਾ ਨੁਕਸਾਨ ਨਹੀਂ ਹੋਵੇਗਾ। ਭਾਰਤ ਨੇ ਸੰਨ 1996 ਵਿੱਚ ਪਾਕਿਸਤਾਨ ਨੂੰ ਤਰਜੀਹੀ ਦੇਸ਼ ਦਾ ਦਰਜਾ ਦਿੱਤਾ ਸੀ। \ਸਾਲ 2016 ਵਿੱਚ ਸਿੰਧੂ ਜਲ ਸਮਝੌਤਾ ਖ਼ਤਮ ਕਰਨ ਤੇ ਉੜੀ ਹਮਲੇ ਮਗਰੋਂ ਵੀ ਭਾਰਤ ਨੇ ਪਾਕਿਸਤਾਨ ਤੋਂ ਐਮਐਫਐਨ ਦਾ ਦਰਜਾ ਵਾਪਸ ਲੈਣ ਦੇ ਸੰਕੇਤ ਦਿੱਤੇ ਸਨ। ਹਾਲਾਂਕਿ, ਬਾਅਦ ਵਿੱਚ ਇਸ ਨੂੰ ਜਾਰੀ ਰੱਖਿਆ ਗਿਆ ਸੀ। ਇਸ ਕਰਾਰ ਤਹਿਤ ਭਾਰਤ ਤੇ ਪਾਕਿਸਤਾਨ ਦਰਮਿਆਨ ਸੀਮਿੰਟ, ਖੰਡ, ਕੈਮੀਕਲ, ਰੂੰ, ਸਬਜ਼ੀਆਂ ਤੇ ਕੁਝ ਚੋਣਵੇਂ ਫਲ, ਮਿਨਰਲ ਆਇਲ, ਸੁੱਕੇ ਮੇਵੇ ਤੇ ਸਟੀਲ ਆਦਿ ਦਾ ਕਾਰੋਬਾਰ ਹੁੰਦਾ ਹੈ।

  • Topics :

Related News