'ਹਾਰ ਲਈ ਮੈਂ ਜ਼ਿੰਮੇਵਾਰ ਹਾਂ'

ਨਵੀਂ ਦਿੱਲੀ:

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੇ ਅਸਤੀਫ਼ੇ 'ਤੇ ਲਗਾਤਾਰ ਅੜੇ ਹੋਏ ਹਨ। ਅੱਜ ਉਨ੍ਹਾਂ ਅਧਿਕਾਰਤ ਤੌਰ 'ਤੇ ਚਿੱਠੀ ਲਿਖਦਿਆਂ ਇਸ ਦਾ ਐਲਾਨ ਵੀ ਕਰ ਦਿੱਤਾ ਹੈ। ਰਾਹੁਲ ਨੇ ਚਾਰ ਪੰਨਿਆਂ ਦੀ ਚਿੱਠੀ ਲਿਖ ਕੇ ਕਿਹਾ ਕਿ 'ਹਾਰ ਲਈ ਮੈਂ ਜ਼ਿੰਮੇਵਾਰ ਹਾਂ'। ਉਨ੍ਹਾਂ ਇਹ ਪੱਤਰ ਟਵਿੱਟਰ 'ਤੇ ਸਾਂਝਾ ਕਰਦਿਆਂ ਕਿਹਾ ਕਿ ਕਾਂਗਰਸ ਦੇ ਭਵਿੱਖ ਲਈ ਜਵਾਬਦੇਹੀ ਜ਼ਰੂਰੀ ਹੈ। ਪਾਰਟੀ ਨੂੰ ਬਣਾਉਣ ਲਈ ਸਖ਼ਤ ਫੈਸਲੇ ਲੈਣੇ ਪੈਣਗੇ। ਉਨ੍ਹਾਂ ਬੀਜੇਪੀ 'ਤੇ ਵੀ ਵਾਰ ਕੀਤਾ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਆਵਾਜ਼ ਦਬਾ ਰਹੀ ਹੈ। ਰਾਹੁਲ ਨੇ ਕਿਹਾ 'ਕਾਂਗਰਸ ਪਾਰਟੀ ਦੀ ਸੇਵਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ, ਜਿਸ ਦੇ ਆਦਰਸ਼ਾਂ ਨੇ ਸਾਡੇ ਦੇਸ਼ ਦੀ ਸੇਵਾ ਕੀਤੀ ਹੈ। ਮੈਂ ਦੇਸ਼ ਤੇ ਆਪਣੇ ਸੰਗਠਨ ਦਾ ਆਭਾਰ ਵਿਅਕਤ ਕਰਦਾ ਹਾਂ..ਜੈ ਹਿੰਦ।' ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ 'ਮੈਂ ਪ੍ਰਧਾਨ ਨਹੀਂ ਹਾਂ, ਨਵੇਂ ਪ੍ਰਧਾਨ ਲਈ ਜਲਦ ਚੋਣ ਹੋਵੇ'। ਉਨ੍ਹਾਂ ਇਹ ਵੀ ਕਿਹਾ ਕਿ ਨਵਾਂ ਪ੍ਰਧਾਨ ਚੁਣਨ ਲਈ ਚੋਣ ਇੱਕ ਮਹੀਨਾ ਪਹਿਲਾਂ ਹੋ ਜਾਣੀ ਚਾਹੀਦੀ ਹੈ। ਦਰਅਸਲ, ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ 26 ਮਈ ਨੂੰ ਪਾਰਟੀ ਕਾਰਜ ਕਮੇਟੀ ਦੀ ਬੈਠਕ 'ਚ ਰਾਹੁਲ ਗਾਂਧੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ, ਕਾਰਜ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਦੀ ਪੇਸ਼ਕਸ਼ ਖਾਰਜ ਕਰਦਿਆਂ ਉਨ੍ਹਾਂ ਨੂੰ ਪਾਰਟੀ 'ਚ ਬਦਲਾਅ ਲਈ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਵੀ ਰਾਹੁਲ ਲਗਾਤਾਰ ਅਸਤੀਫ਼ੇ ਦੇ ਫੈਸਲੇ 'ਤੇ ਡਟੇ ਹੋਏ ਹਨ।

  • Topics :

Related News