ਤਿੰਨ ਡੇਰਾ ਪ੍ਰੇਮੀਆਂ ਨੂੰ ਅਦਾਲਤੀ ਝਟਕਾ

Jan 10 2019 03:24 PM

ਫ਼ਰੀਦਕੋਟ:

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਡੇਰਾ ਪ੍ਰੇਮੀਆਂ ਨੂੰ ਅਦਾਲਤੀ ਝਟਕਾ ਲੱਗਾ ਹੈ। ਸਥਾਨਕ ਚੀਫ਼ ਜੁਡੀਸ਼ਲ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ ਨੇ ਇਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਵੀ ਇਸ ਮਾਮਲੇ ਵਿੱਚ ਜ਼ਮਾਨਤ ਅਰਜ਼ੀ ਰੱਦ ਹੋ ਚੁੱਕੀ ਹੈ। ਸਿਟੀ ਪੁਲਿਸ ਕੋਟਕਪੂਰਾ ਨੇ ਏਐਸਆਈ ਪ੍ਰੀਤਮ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ 13 ਜੂਨ, 2018 ਨੂੰ ਮਹਿੰਦਰਪਾਲ ਬਿੱਟੂ, ਮਹਿੰਦਰ ਕੁਮਾਰ, ਸੁਖਜਿੰਦਰ ਸਿੰਘ ਤੇ ਸ਼ਕਤੀ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 295ਏ ਤੇ ਗੈਰ ਕਾਨੂੰਨੀ ਗਤੀਵਿਧੀ ਰੋਕੂ ਐਕਟ ਦੀ ਧਾਰਾ 17 ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ ਲਾਇਆ ਸੀ। ਇਨ੍ਹਾਂ ਉੱਪਰ ਇਲਜ਼ਾਮ ਸੀ ਕਿ ਉਨ੍ਹਾਂ ਆਪਣੇ ਘਰ ਵਿੱਚ ਇਤਰਾਜ਼ਯੋਗ ਜਗਾ ’ਤੇ ਗੁਰੂ ਨਾਨਕ ਦੇਵ ਜੀ ਦੀ ਸਾਖੀ ਰੱਖੀ ਸੀ। ਇਸ ਤੋਂ ਇਲਾਵਾ ਪੁਲਿਸ ਨੂੰ ਤਲਾਸ਼ੀ ਦੌਰਾਨ 25 ਚੱਲੇ ਹੋਏ ਕਾਰਤੂਸ ਮਿਲੇ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਫੜੇ ਗਏ ਡੇਰਾ ਪ੍ਰੇਮੀਆਂ ਨੇ ਕਥਿਤ ਤੌਰ ’ਤੇ ਬੈਂਕ ਖਾਤਿਆਂ ਰਾਹੀਂ 6 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਹੈ। ਪੁਲਿਸ ਨੇ ਮਹਿੰਦਰਪਾਲ ਸਿੰਘ ਬਿੱਟੂ ਨੂੰ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਵਾਪਰੀਆਂ ਬੇਦਅਬੀ ਦੀਆਂ ਘਟਨਾਵਾਂ ਵਿੱਚ ਵੀ ਮਹਿੰਰਦਪਾਲ ਬਿੱਟੂ ਨੂੰ ਨਾਮਜ਼ਦ ਕੀਤਾ ਸੀ। ਪੁਲਿਸ ਨੇ ਮਹਿੰਦਰਪਾਲ ਦੇ ਨਾਲ ਡੇਰਾ ਪ੍ਰੇਮੀ ਮਹਿੰਦਰ ਕੁਮਾਰ, ਸ਼ਕਤੀ ਸਿੰਘ ਤੇ ਸੁਖਜਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ। ਉਧਰ, ਕਿਸੇ ਵੀ ਡੇਰਾ ਪ੍ਰੇਮੀ ਖਿਲਾਫ਼ ਅਜੇ ਤੱਕ ਜ਼ਿਲ੍ਹਾ ਪੁਲਿਸ ਅਦਾਲਤ ਵਿੱਚ ਦੋਸ਼ ਪੱਤਰ ਪੇਸ਼ ਨਹੀਂ ਕਰ ਸਕੀ ਕਿਉਂਕਿ ਚਲਾਨ ਪੇਸ਼ ਕਰਨ ਲਈ ਗ੍ਰਹਿ ਵਿਭਾਗ ਦੀ ਲਿਖਤੀ ਮਨਜ਼ੂਰੀ ਲੋੜੀਂਦੀ ਹੈ, ਜੋ ਅਜੇ ਤੱਕ ਜ਼ਿਲ੍ਹਾ ਪੁਲਿਸ ਨੂੰ ਨਹੀਂ ਮਿਲੀ। 24 ਦਸੰਬਰ ਨੂੰ ਅਦਾਲਤ ਨੇ ਗ੍ਰਹਿ ਵਿਭਾਗ ਤੋਂ ਮਨਜ਼ੂਰੀ ਲੈਣ ਲਈ ਪੁਲਿਸ ਨੂੰ 90 ਦਿਨ ਦਾ ਹੋਰ ਸਮਾਂ ਦੇ ਦਿੱਤਾ ਸੀ।

  • Topics :

Related News