ਸਰਦ ਰੁੱਤ ਇਜਲਾਸ ਅੱਜ ਸ਼ੁਰੂ

Dec 13 2018 03:19 PM

ਚੰਡੀਗੜ੍ਹ:

ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਸ਼ੁਰੂ ਹੋ ਰਿਹਾ ਹੈ। 13 ਤੋਂ 16 ਦਸੰਬਰ ਤੱਕ ਚੱਲਣ ਵਾਲੇ ਇਸ ਸੈਸ਼ਨ ਦੀਆਂ ਸਿਰਫ ਚਾਰ ਬੈਠਕਾਂ ਹੋਣਗੀਆਂ। ਅੱਜ ਪਹਿਲੇ ਦਿਨ ਵਿੱਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ 14 ਦਸੰਬਰ ਨੂੰ ਸਵੇਰ ਤੇ ਸ਼ਾਮ ਸਮੇਂ ਦੀਆਂ ਦੋ ਬੈਠਕਾਂ ਹੋਣਗੀਆਂ, ਜਿਸ ਦੌਰਾਨ ਵਿਧਾਨਕ ਕੰਮਕਾਜ ਹੀ ਕੀਤਾ ਜਾਣਾ ਹੈ। 15 ਦਸੰਬਰ ਦੀ ਬੈਠਕ ਵਿੱਚ ਵੀ ਵਿਧਾਨਿਕ ਕੰਮਕਾਜ ਹੀ ਹੋਣਗੇ। ਸਰਕਾਰ ਵੱਲੋਂ ਕਈ ਬਿੱਲਾਂ ’ਤੇ ਵਿਧਾਨ ਸਭਾ ਦੀ ਮੋਹਰ ਲਵਾਈ ਜਾਣੀ ਹੈ। ਪੰਜਾਬ ਵਿਧਾਨ ਸਭਾ ਦੇ ਇਸ ਤੋਂ ਪਹਿਲਾਂ ਅਗਸਤ ਮਹੀਨੇ ਹੋਏ ਸੰਖੇਪ ਸੈਸ਼ਨ ਦੌਰਾਨ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਹੋਈ ਬਹਿਸ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਬਰਦਸਤ ਰਗੜੇ ਲਾਏ ਗਏ ਸਨ। ਇਸ ਲਈ ਅੱਜ ਤੋਂ ਸ਼ੁਰੂ ਹੋਣ ਵਾਲੇ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਹਾਜ਼ਰੀ ਯਕੀਨੀ ਬਣਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ ਤਾਂ ਜੋ ਅਗਸਤ ਮਹੀਨੇ ਹੋਏ ਸੈਸ਼ਨ ਦੌਰਾਨ ਮਿਲੀ ਨਮੋਸ਼ੀ ਦੇ ਦਾਗ ਧੋਤੇ ਜਾ ਸਕਣ। ਇਸ ਸੈਸ਼ਨ ਦੌਰਾਨ ਵਿਰੋਧੀ ਤੇ ਹਾਕਮ ਧਿਰ ਦੇ ਮੈਂਬਰਾਂ ਦਰਮਿਆਨ ਗਰਮਾ ਗਰਮੀ ਹੋਣ ਦੇ ਵੀ ਆਸਾਰ ਹਨ ਕਿਉਂਕਿ ਅਕਾਲੀ ਦਲ ਤੇ 'ਆਪ' ਵਿਧਾਇਕਾਂ ਨੇ ਜਨਤਕ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ ਹੋਇਆ ਹੈ। ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਸੁਖਪਾਲ ਖਹਿਰਾ ਤੇ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਦੇ ਵੀ ਸਦਨ ਵਿੱਚੋਂ ਗੈਰਹਾਜ਼ਰ ਰਹਿਣ ਦੀਆਂ ਸੰਭਾਵਨਾਵਾਂ ਹਨ ਕਿਉਂਕਿ ‘ਆਪ’ ਦੇ ਬਾਗ਼ੀ ਧੜੇ ਤੇ ਲੋਕ ਇਨਸਾਫ਼ ਪਾਰਟੀ ਵੱਲੋਂ 8 ਦਸੰਬਰ ਤੋਂ ਸ਼ੁਰੂ ਕੀਤਾ ਗਿਆ ਇਨਸਾਫ਼ ਮਾਰਚ 16 ਦਸੰਬਰ ਨੂੰ ਹੀ ਪਟਿਆਲਾ ਸ਼ਹਿਰ ਵਿੱਚ ਆ ਕੇ ਖ਼ਤਮ ਹੋਣਾ ਹੈ।

  • Topics :

Related News