ਵੋਟ ਪਾਉਣ ਜਾਣ ਲਈ ਆਪਣੇ ਬੱਚੇ ਬਾਰੇ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ

May 17 2019 04:04 PM

ਪਟਿਆਲਾ:

ਛੋਟੇ ਬੱਚੇ ਦੀਆਂ ਮਾਵਾਂ ਲਈ ਖ਼ੁਸ਼ਖ਼ਬਰੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਵੋਟ ਪਾਉਣ ਜਾਣ ਲਈ ਆਪਣੇ ਬੱਚੇ ਬਾਰੇ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਉਨ੍ਹਾਂ ਸਾਰੇ ਪੋਲਿੰਗ ਬੂਥਾਂ 'ਤੇ ਆਂਗਨਵਾੜੀ ਵਰਕਰਾਂ ਦੀ ਡਿਊਟੀ ਲਾਉਣ ਦੀ ਹਦਾਇਤ ਜਾਰੀ ਕੀਤੀ ਹੈ। ਇਹ ਆਂਗਨਵਾੜੀ ਬੀਬੀਆਂ ਵੋਟ ਪਾਉਣ ਆਈਆਂ ਮਾਵਾਂ ਦੇ ਬੱਚੇ ਸੰਭਾਲਣਗੀਆਂ। ਇਸ ਨਿਰਦੇਸ਼ ਵਿੱਚ ਸਾਫ਼ ਕੀਤਾ ਗਿਆ ਹੈ ਕਿ ਪੋਲਿੰਗ ਬੂਥ 'ਤੇ ਛੋਟੇ ਬੱਚਿਆਂ ਵਾਲੀਆਂ ਕਈ ਮਹਿਲਾਵਾਂ ਵੋਟਾਂ ਪਾਉਣ ਆਉਂਦੀਆਂ ਹਨ। ਆਂਗਨਵਾੜੀ ਵਰਕਰ ਨਾ ਸਿਰਫ ਉਨ੍ਹਾਂ ਦੇ ਬੱਚੇ ਸੰਭਾਲਣਗੀਆਂ, ਬਲਕਿ ਉਸ ਬੱਚੇ ਦਾ ਮਨ ਬਹਿਲਾਉਣ ਲਈ ਪੋਲਿੰਗ ਬੂਥ 'ਤੇ ਮਿਨੀ ਕ੍ਰੈਚ ਵਿੱਚ ਉਸ ਨੂੰ ਖਿਡਾਉਣਗੀਆਂ। ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪੋਲਿੰਗ ਬੂਥਾਂ 'ਤੇ ਮਿਨੀ ਕ੍ਰੈਚ ਬਣਾਉਣ ਨੂੰ ਯਕੀਨੀ ਬਣਾਉਣ, ਜਿਸ ਵਿੱਚ ਬੱਚੇ ਆਰਾਮ ਨਾਲ ਖੇਡ ਸਕਣ। ਸਾਰੀਆਂ ਆਂਗਨਵਾੜੀ ਵਰਕਰਾਂ ਨੂੰ 19 ਮਈ ਨੂੰ ਵੋਟਿੰਗ ਵਾਲੇ ਦਿਨ ਸਵੇਰੇ 7 ਵਜੇ ਸਬੰਧਿਤ ਬੂਥਾਂ 'ਤੇ ਪਹੁੰਚਣ ਦੇ ਨਿਰਦੇਸ਼ ਹਨ। ਦੱਸ ਦੇਈਏ ਪੰਜਾਬ ਵਿੱਚ 26,666 ਆਂਗਨਵਾੜੀ ਸੈਂਟਰਾਂ ਵਿੱਚ 53 ਹਜ਼ਾਰ ਆਂਗਨਵਾੜੀ ਵਰਕਰ ਤੇ ਹੈਲਪਰ ਕੰਮ ਕਰ ਰਹੀਆਂ ਹਨ।

  • Topics :

Related News