ਪੰਜਾਬ ਅਗਲੇ 25 ਸਾਲਾਂ ਵਿੱਚ ਬੰਜਰ ਹੋ ਜਾਏਗਾ

May 14 2019 03:57 PM

ਚੰਡੀਗੜ੍ਹ:

ਪੰਜਾਬ ਅਗਲੇ 25 ਸਾਲਾਂ ਵਿੱਚ ਬੰਜਰ ਹੋ ਜਾਏਗਾ। ਇਹ ਹੋਸ਼ ਉਡਾ ਦੇਣ ਵਾਲਾ ਖੁਲਾਸਾ ਸੈਂਟਰਲ ਗਰਾਊਂਡ ਵਾਟਰ ਬੋਰਡ (ਨਾਰਥ-ਵੈਸਟਰਨ ਰੀਜ਼ਨ) ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਵਿੱਚ ਸਪਸ਼ਟ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਸੇ ਰਫਤਾਰ ਨਾਲ ਧਰਤੀ ਦੀ ਹਿੱਕ ਵਿੱਚ ਪਾਣੀ ਕੱਢਿਆ ਜਾਂਦਾ ਰਿਹਾ ਤਾਂ ਅਗਲੇ 25 ਸਾਲਾਂ ਵਿੱਚ ਪੰਜਾਬੀ ਪੀਣ ਲਈ ਪਾਣੀ ਨੂੰ ਵੀ ਤਰਸਣਗੇ। ਜ਼ਮੀਨ ਹੇਠਲੇ ਪਾਣੀ ਬਾਰੇ ਕੇਂਦਰੀ ਬੋਰਡ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਜੇਕਰ ਇਸੇ ਤਰ੍ਹਾਂ ਜਾਰੀ ਰਹੀ ਤਾਂ 25 ਵਰ੍ਹਿਆਂ ਵਿੱਚ ਹੀ ਸੂਬਾ ਮਾਰੂਥਲ ਵਿੱਚ ਤਬਦੀਲ ਹੋ ਜਾਵੇਗਾ। ਇਸ ਵੇਲੇ ਜਿਸ ਰਫ਼ਤਾਰ ਨਾਲ ਪਾਣੀ ਕੱਢਿਆ ਜਾ ਰਿਹਾ ਹੈ, ਉਸ ਹਿਸਾਬ ਨਾਲ 300 ਮੀਟਰ ਦੀ ਡੂੰਘਾਈ ਤੱਕ ਮੌਜੂਦ ਪਾਣੀ ਦੇ ਸਾਰੇ ਸੋਮੇ 20-25 ਸਾਲਾਂ ਵਿੱਚ ਖ਼ਤਮ ਹੋ ਜਾਣਗੇ। ਜਦਕਿ 100 ਮੀਟਰ ਦੀ ਡੂੰਘਾਈ ਤੱਕ ਦੇ ਪਾਣੀ ਦੇ ਮੌਜੂਦਾ ਸਰੋਤ ਅਗਲੇ 10 ਵਰ੍ਹਿਆਂ ’ਚ ਖ਼ਤਮ ਹੋ ਜਾਣਗੇ। ਬੋਰਡ ਦੀ ਰਿਪੋਰਟ ਵਿੱਚ ਦਿੱਤੇ ਨੋਟ ਦੀ ਪੁਸ਼ਟੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਸਥਿਤੀ ਬੇਹੱਦ ਗੰਭੀਰ ਹੈ ਤੇ ਪਾਣੀ ਦੀ ਤੁਰੰਤ ਸੰਭਾਲ ਦੀ ਲੋੜ ਹੈ। ਖੇਤੀ ਅਰਥਚਾਰੇ ਦੇ ਉੱਘੇ ਮਾਹਿਰ ਡਾ. ਐਸਐਸ ਜੌਹਲ ਨੇ ਕਿਹਾ ਕਿ ਪਾਣੀ ਦਾ ਪੱਧਰ ਡਿੱਗਣ ਦਾ ਸਭ ਤੋਂ ਵੱਡਾ ਕਾਰਨ ਝੋਨੇ ਦੀ ਫ਼ਸਲ ਹੈ। ਉਨ੍ਹਾਂ ਕਿਹਾ ਕਿ ਮੁਫਤ ਬਿਜਲੀ ਕਰਕੇ ਵੀ ਪਾਣੀ ਦੀ ਬਰਬਾਦੀ ਹੁੰਦੀ ਹੈ। ਪੀਏਯੂ ਦੇ ਉਪ ਕੁਲਪਤੀ ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਨੂੰ ਝੋਨਾ ਨਾ ਲਾਉਣ ਬਦਲੇ ਸਬਸਿਡੀ ਮਿਲਣੀ ਚਾਹੀਦੀ ਹੈ। ਬੀਕੇਯੂ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹੋਰਨਾਂ ਸੂਬਿਆਂ ਨੂੰ ਪਾਣੀ ਦੇਣਾ ਇਸ ਦਾ ਇਕ ਕਾਰਨ ਹੈ ਉਨ੍ਹਾਂ ਬਦਲਵੀਆਂ ਫ਼ਸਲਾਂ ਤੈਅ ਮੁੱਲ ਤੇ ਕਿਸਾਨਾਂ ਕੋਲੋਂ ਲਏ ਜਾਣ ਦੀ ਵੀ ਮੰਗ ਕੀਤੀ

  • Topics :

Related News