ਸੁਖਬੀਰ ਬਾਦਲ ਦੀ ਪੁਲਿਸ 'ਚ 'ਦਹਿਸ਼ਤ'

Feb 11 2019 03:33 PM

ਚੰਡੀਗੜ੍ਹ:

ਪਿਛਲੇ ਸਾਲ ਚੋਣਾਂ ਦੌਰਾਨ ਵਿਅਕਤੀ ਦਾ ਕੁਟਾਪਾ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਹਾਲੇ ਜਾਂਚ ਹੀ ਚੱਲ ਰਹੀ ਹੈ, ਕੋਈ ਕਾਰਵਾਈ ਨਹੀਂ ਹੋਈ। ਲੰਬੀ ਪੁਲਿਸ ਨੇ ਬਾਦਲ ਵਿਰੁੱਧ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਕੇਸ ਦਰਜ ਕੀਤਾ ਸੀ, ਜਿਸ ਵਿੱਚ ਦਿਖਾਈ ਦੇ ਰਿਹਾ ਸੀ ਕਿ ਕੁੱਟਮਾਰ ਦੌਰਾਨ ਸੁਖਬੀਰ ਬਾਦਲ ਵੀ ਉੱਥੇ ਖੜ੍ਹੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਮਨਜੀਤ ਸਿੰਘ ਢੇਸੀ ਮੁਤਾਬਕ ਕੇਸ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਸਾਰੀਆਂ ਰਸਮੀ ਗੁੰਝਲਾਂ ਪੂਰੀਆਂ ਕਰਨ ਮਗਰੋਂ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜੁਰਮ ਜ਼ਮਾਨਤਯੋਗ ਹਨ ਪਰ ਮੁਲਜ਼ਮਾਂ ਨੇ ਹਾਲੇ ਤਕ ਕਿਸੇ ਕਿਸਮ ਦੀ ਜ਼ਮਾਨਤ ਹਾਸਲ ਨਹੀਂ ਕੀਤੀ। ਉੱਧਰ, ਸਾਬਕਾ ਉਪ ਮੁੱਖ ਮੰਤਰੀ ਐਸਐਸਪੀ ਨੂੰ ਕਈ ਵਾਰ ਜਨਤਕ ਸਟੇਜਾਂ ਤੋਂ ਸਿੱਧੇ ਰੂਪ ਵਿੱਚ ਚੇਤਾਵਨੀ ਵੀ ਦੇ ਚੁੱਕੇ ਹਨ। ਯਾਦ ਰਹੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਾਲੇ ਦਿਨ ਚੱਕ ਮਿੱਡੂ ਸਿੰਘਵਾਲਾ ਵਿੱਚ ਕਾਂਗਰਸੀ ਉਮੀਦਵਾਰ ਦੇ ਭਰਾ 'ਤੇ ਪੋਲਿੰਗ ਬੂਥ ਨੇੜੇ ਕੁਝ ਲੋਕਾਂ ਨੇ ਹਮਲਾ ਕੀਤਾ ਗਿਆ ਸੀ। ਇਸ ਸਬੰਧੀ ਭਾਰਤੀ ਸੰਵਿਧਾਨ ਦੀ ਧਾਰਾ 323, 341, 506, 148, 149 ਤੇ 427 ਤਹਿਤ ਕੇਸ ਦਰਜ ਕਰ ਲਿਆ ਸੀ। ਇਸ ਮਗਰੋਂ ਅੱਠ ਅਕਤੂਬਰ ਨੂੰ ਅਕਾਲੀ ਲੀਡਰ ਤੇਜਿੰਦਰ ਸਿੰਘ ਮਿੱਡੂਖੇੜਾ ਨੂੰ ਏਐਸਆਈ ਦੀ ਡਿਊਟੀ ਵਿੱਚ ਵਿਘਨ ਪਾਉਣ ਤੇ ਉਸ ਦਾ ਫ਼ੋਨ ਖੋਹਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ ਪਰ ਦੋਵੇਂ ਕੇਸ ਜਿਓਂ ਦੇ ਤਿਓਂ ਹਨ, ਕਿਸੇ ਮੁਲਜ਼ਮ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ।

  • Topics :

Related News