ਕਣਕ ਦੀ ਪੀਲੀ ਕੁੰਗੀ ਬਿਮਾਰੀ ਪ੍ਰਤੀ ਜਾਗਰੁਕਤਾ ਪੈਦਾ ਕਰਨ ਬਲਾਕ ਪਠਾਨਕੋਟ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ

Feb 14 2019 03:31 PM

ਪਠਾਨਕੋਟ

ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ (ਸਮੇਤ ਘਰੋਟਾ ਅਤੇ ਸੁਜਾਨਪੁਰ ) ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪਿੰਡ ਭੋਆ ਵਿੱਚ ਜਾਗਰੁਕਤਾ ਕੈਂਪ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ। ਕੈਂਪ ਵਿੱਚ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਜ਼ਰੂਰਤ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਕਰਨ ਜਾਗਰੁਕ ਕੀਤਾ ਗਿਆ। ਲਗਾਏ ਕੈਂਪਾਂ ਵਿੱਚ ਵਿੱਚ ਸਰਵਸ਼੍ਰੀ ਅੰਸ਼ੁਮਨ ਸ਼ਰਮਾ ਖੇਤੀਬਾੜੀ ਉਪ ਨਿਰੀਖਕ, ਸੁਖਜਿੰਦਰ ਸਿੰਘ,ਅਰਮਾਨ ਮਹਾਜਨ ਸਹਾਇਕ ਤਕਨਾਲੋਜੀ ਪ੍ਰਬੰਧਕ,ਸੁਭਾਸ਼ ਕੁਮਾਰ,ਖੁਸ਼ਹਾਲੀ ਦੇ ਰਖਵਾਲੇ ਸ਼੍ਰੀ ਬਹਾਦਰ ਸਿੰਘ,ਪਰਸ਼ੋਤਮ ਲਾਲ,ਹਰੀ ਨਾਰਾਇਣ ਸ਼ਰਮਾ,ਦਿਆਲ ਸਿੰਘ ,ਨਵੀਨ ਕੁਮਾਰ,ਰਾਜਨ ਸ਼ਰਮਾ,ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।            ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਕਣਕ ਦੀ ਫਸਲ ਉੱਪਰ ਫਿਲਹਾਲ ਕਿਸੇ ਬਿਮਾਰੀ ਜਾਂ ਕੀੜੇ ਮਕੌੜੇ ਦਾ ਹਮਲਾ ਨਹੀਂ ਹੋਇਆ ਫਿਰ ਵੀ ਕਿਸਾਨਾਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ।ਉਨਾਂ ਕਿਹਾ  ਕਿ ਕਣਕ ਦੀ ਫਸਲ ਉੱਪਰ ਪੀਲੀ ਕੁੰਗੀ ਦੀ ਸੰਭਾਵਿਤ ਹਮਲੇ ਨੂੰ ਰੋਕਣ ਲਈ ਪਿੰਡਾਂ ਵਿੱਚ ਨਿਰੰਤਰ ਦੌਰੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੁਕ ਕਰਕੇ ਬਿਮਾਰੀ ਦੇ ਹਮਲੇ ਨੂੰ ਸ਼ੁਰੂ ਵਿੱਚ ਹੀ ਰੋਕਿਆ ਜਾ ਸਕੇ।ਉਨਾਂ ਨੇ ਕਿਹਾ ਕਿ ਜ਼ਿਲਾ ਪਠਾਨਕੋਟ ਨੀਮ ਪਹਾੜੀ ਇਲਾਕਾ ਹੋਣ ਕਾਰਨ ਕਣਕ ਦੀ ਫਸਲ ਉੱਪਰ ਪੀਲੀ ਕੁੰਗੀ ਬਿਮਾਰੀ ਦੇ ਹਮਲੇ ਦੀ ਸੰਭਾਵਨਾ ਬਣੀ ਰਹਿੰਦੀ ਹੈ,ਇਸ ਲਈ ਕਿਸਾਨਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੁਕ ਰਹਿਣਾ ਚਾਹੀਦਾ ਹੈ।ਉਨਾਂ  ਨੇ ਕਿਹਾ ਕਿ ਪੀਲੀ ਕੁੰਗੀ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਉੱਪਰ ਆਉਂਦੀ ਹੈ, ਜੋ ਪੀਲੇ ਰੰਗ ਦੇ ਪਾਊਡਰੀ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ,ਜੇਕਰ ਪ੍ਰਭਾਵਿਤ ਪੱਤੇ ਨੂੰ ਦੋ ਉੰਗਲਾਂ ਵਿੱਚ ਫੜਿਆ ਜਾਵੇ ਤਾਂ ਉੰਗਲਾਂ ਤੇ ਪੀਲਾ ਪਾਊਡਰ ਲੱਗ ਜਾਂਦਾ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜਦ ਵੀ ਪੀਲੀ ਕੁੰਗੀ ਦੇ ਹਮਲੇ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ 200 ਮਿ.ਲੀ. ਪ੍ਰੋਪੀਕੋਨਾਜ਼ੋਲ 25 ਈ ਸੀ (ਟਿਲਟ/ਬੰਪਰ/ਸ਼ਾਈਨ/ਕੰਪਾਸ/ਮਾਰਕਜ਼ੋਲ) ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ। ਅੰਸੁਮਨ ਸ਼ਰਮਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨੀਵੇਂ ਇਲਾਕਿਆਂ ਵਿੱਚ ਕਣਕ ਦੀ ਫਸਲ ਵਿੱਚ ਖੜੇ ਪਾਣੀ ਨੂੰ ਜਲਦ ਤੋਂ ਜਲਦ ਕੱਢਿਆ ਜਾਵੇ ਤਾਂ ਜੋ ਕਣਕ ਦੀ ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਸੁਖਜਿੰਦਰ ਸਿੰਘ ਨੇ ਹਾੜੀ ਦੀਆਂ ਫਸਲਾਂ ਦੇ ਕੀੜੇ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ।

  • Topics :

Related News