ਪ੍ਰੀ ਮਾਨਸੂਨ ਦੇ ਐਕਟਿਵ ਹੋਣ ਕਾਰਨ ਅਗਲੇ 24 ਤੋਂ 48 ਘੰਟਿਆਂ ਦੌਰਾਨ ਬਾਰਸ਼ ਹੋ ਸਕਦੀ

Jun 24 2019 08:39 PM

ਚੰਡੀਗੜ੍ਹ:

ਪੰਜਾਬ ਵਿੱਚ ਅਗਲੇ ਦੋ ਦਿਨ ਪ੍ਰੀ ਮਾਨਸੂਨ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਮੀਂਹ ਤੇ ਹਨੇਰੀ ਦਾ ਅਲਰਟ ਜਾਰੀ ਕੀਤਾ ਹੈ। ਪ੍ਰੀ ਮਾਨਸੂਨ ਦੇ ਐਕਟਿਵ ਹੋਣ ਕਾਰਨ ਅਗਲੇ 24 ਤੋਂ 48 ਘੰਟਿਆਂ ਦੌਰਾਨ ਬਾਰਸ਼ ਹੋ ਸਕਦੀ ਹੈ। ਉਧਰ, ਆਪਣੇ ਸਮੇਂ ਤੋਂ 10 ਦਿਨ ਦੀ ਦੇਰੀ ਨਾਲ ਚੱਲ ਰਹੀਆਂ ਮਾਨਸੂਨ ਹਵਾਵਾਂ ਨੇ ਹੁਣ ਰਫ਼ਤਾਰ ਫੜ ਲਈ ਹੈ। ਸ਼ਨੀਵਾਰ ਨੂੰ ਮਾਨਸੂਨ ਨੇ ਤੇਲੰਗਾਨਾ, ਓੜੀਸ਼ਾ, ਛੱਤੀਸਗੜ੍ਹ, ਬਿਹਾਰ, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮਾਨਸੂਨ ਹਵਾਵਾਂ 20 ਸੂਬਿਆਂ ਤਕ ਪਹੁੰਚ ਗਈਆਂ ਹਨ ਜਦਕਿ ਦੇਸ਼ ਦੇ ਨੌਂ ਸੂਬਿਆਂ ਦੇ ਲੋਕ ਮੀਂਹ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ, ਪੰਜਾਬ ਵਿੱਚ ਹਾਲੇ ਮੌਨਸੂਨ ਹਵਾਵਾਂ ਪੁੱਜਣ ਨੂੰ ਹਾਲੇ ਸਮਾਂ ਲੱਗੇਗਾ ਪਰ ਪ੍ਰੀ ਮਾਨਸੂਨ ਦੀ ਬਰਾਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ, ਹਰਿਆਣਾ, ਦਿੱਲੀ ਤੇ ਜੰਮੂ-ਕਸ਼ਮੀਰ ਵਿੱਚ ਗਰਜ ਤੇ ਚਮਕ ਨਾਲ ਕਣੀਆਂ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਕ ਖੇਮਕਰਨ, ਭਿੱਖੀਵਿੰਡ, ਪੱਟੀ, ਫ਼ਿਰੋਜ਼ਪੁਰ, ਗੁਰੂਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਮੁਕਤਸਰ ਸਾਹਿਬ, ਮਖੂ, ਜ਼ੀਰਾ, ਫ਼ਰੀਦਕੋਟ, ਮੋਗਾ, ਬਾਘਾ ਪੁਰਾਣਾ, ਮਲੋਟ, ਅਬੋਹਰ, ਗੰਗਾਨਗਰ, ਬਠਿੰਡਾ 'ਚ ਤੇਜ਼ ਹਨੇਰੀ ਤੇ ਕਈ ਥਾਂਈ ਹਲਕਾ ਤੇ ਦਰਮਿਆਨਾ ਮੀਂਹ ਪੈ ਸਕਦਾ ਹੈ। ਇਸ ਤੋਂ ਬਿਨਾਂ ਪੰਜਾਬ ਦੇ ਕਈ ਹੋਰ ਖੇਤਰਾਂ 'ਚ ਵੀ ਤੇਜ਼ ਹਨੇਰੀ ਚੱਲ ਸਕਦੀ ਹੈ।

  • Topics :

Related News