ਮੁਲਜ਼ਮਾਂ ਕੋਲੋਂ 2.50 ਲੱਖ ਰੁਪਏ ਡਰੱਗ ਮਨੀ ਤੇ 168.920 ਗ੍ਰਾਮ ਸੋਨੇ ਦੇ ਗਹਿਣੇ ਵੀ ਬਰਾਮਦ

Aug 01 2019 01:43 PM

ਚੰਡੀਗੜ੍ਹ:

ਨਸ਼ਾ ਤਸਕਰਾਂ 'ਤੇ ਪੰਜਾਬ ਪੁਲਿਸ ਦੀ ਫੁੱਲ ਕ੍ਰਿਪਾ ਹੈ। ਇਸ ਦੀ ਪੋਲ ਮੁਹਾਲੀ ਜਿਲ੍ਹੇ ਵਿੱਚ ਉਸ ਵੇਲੇ ਖੁੱਲ੍ਹੀ ਜਦੋਂ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਨੇ ਸਨੇਟਾ ਪੁਲਿਸ ਚੌਕੀ ਦੇ ਇੰਚਾਰਜ ਰਹੇ ਸੁਖਮੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਐਸਟੀਐਫ਼ ਮੁਤਾਬਕ ਥਾਣੇਦਾਰ ਨੇ ਨਸ਼ਾ ਤਸਕਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਕੇ ਛੱਡ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਐਸਟੀਐਫ਼ ਨੂੰ ਨਸ਼ਾ ਤਸਕਰਾਂ ਨਾਲ ਰਲੇ ਪੁਲਿਸ ਮੁਲਾਜ਼ਮਾਂ ਖਿਲਾਫ ਸ਼ਿਕੰਜਾ ਕੱਸਣ ਦੀ ਬਦਾਇਤ ਕੀਤੀ ਹੈ। ਥਾਣੇਦਾਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਐਸਟੀਐਫ਼ ਦੇ ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ 370 ਗ੍ਰਾਮ ਹੈਰੋਇਨ ਸਮੇਤ ਚਾਰ ਮੁਲਜ਼ਮਾਂ ਕੁਲਦੀਪ ਸਿੰਘ ਉਰਫ਼ ਦੀਪੂ ਵਾਸੀ ਪਿੰਡ ਚੰਗੇਰਾ (ਬਨੂੜ) ਤੇ ਉਸ ਦੀ ਪਤਨੀ ਸਰਬਜੀਤ ਕੌਰ, ਗਗਨਦੀਪ ਸਿੰਘ ਉਰਫ਼ ਗਗਨ ਵਾਸੀ ਪਿੰਡ ਚੰਗੇਰਾ ਤੇ ਅਰੁਣ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਕੋਲੋਂ 2.50 ਲੱਖ ਰੁਪਏ ਡਰੱਗ ਮਨੀ ਤੇ 168.920 ਗ੍ਰਾਮ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਕੁਲਦੀਪ ਦੀਪੂ ਨੇ ਐਸਟੀਐਫ਼ ਦੀ ਜਾਂਚ ਟੀਮ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਕਿ ਉਹ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜਿਆ ਗਿਆ ਸੀ ਪਰ ਉਦੋਂ ਥਾਣੇਦਾਰ ਸੁਖਮੰਦਰ ਸਿੰਘ ਨੇ ਉਸ ਦੀ ਗ੍ਰਿਫ਼ਤਾਰੀ ਪਾਉਣ ਦੀ ਬਜਾਏ ਉਸ ਨੂੰ ਡਰਾ ਧਮਕਾ ਕੇ 7-8 ਲੱਖ ਰੁਪਏ ਲੈ ਕੇ ਉਸ ਨੂੰ ਛੱਡ ਦਿੱਤਾ। ਐਸਟੀਐਫ਼ ਵੱਲੋਂ ਇਹ ਮਾਮਲਾ ਐਸਐਸਪੀ ਕੁਲਦੀਪ ਸਿੰਘ ਚਾਹਲ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਸੁਖਮੰਦਰ ਸਿੰਘ ਨੂੰ ਚੌਕੀ ਇੰਚਾਰਜ ਤੋਂ ਹਟਾ ਕੇ ਪੁਲਿਸ ਲਾਈਨ ਭੇਜ ਦਿੱਤਾ। ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਬੁੱਧਵਾਰ ਪੁਲਿਸ ਮੁਖੀ ਦੀ ਹਰੀ ਝੰਡੀ ਮਿਲਦੇ ਹੀ ਐਸਟੀਐਫ਼ ਨੇ ਥਾਣੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਏਆਈਜੀ ਨੇ ਦੱਸਿਆ ਕਿ ਥਾਣੇਦਾਰ ਤੋਂ ਪੁੱਛਗਿੱਛ ਕਰਕੇ ਪਤਾ ਲਾਇਆ ਜਾ ਰਿਹਾ ਹੈ ਕਿ ਇਸ ਧੰਦੇ ਵਿੱਚ ਉਸ ਨਾਲ ਹੋਰ ਕਿਹੜੇ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਸ਼ਾਮਲ ਹਨ।

  • Topics :

Related News