ਦੋ ਸਮਗਲਰਾਂ ਨੂੰ 1270 ਗ੍ਰਾਮ ਹੈਰੋਇਨ ਤੇ ਚੀਨੀ ਪਿਸਤੌਲ ਨਾਲ ਗ੍ਰਿਫ਼ਤਾਰ

Sep 20 2019 06:20 PM

ਮ੍ਰਿਤਸਰ:

ਇੱਥੇ ਦੀ ਦਿਹਾਤੀ ਪੁਲਿਸ ਨੇ ਬੇਸ਼ੱਕ ਪਿਛਲੇ ਦਿਨੀਂ ਵੱਡੇ ਤਸਕਰ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਗ੍ਰਿਫ਼ਤਾਰ ਕੀਤਾ ਤੇ ਉਸ ਕੋਲੋਂ ਕਰੀਬ 23 ਕਿਲੋ ਹੈਰੋਇਨ ਬਰਾਮਦ ਕੀਤੀ। ਇਸ ਤੋਂ ਬਾਅਦ ਵੀ ਹਾਲੇ ਗੁਆਂਢੀ ਮੁਲਕ ਤੋਂ ਹੈਰੋਇਨ ਸਪਲਾਈ ਦਾ ਕੰਮ ਬੰਦ ਨਹੀਂ ਹੋ ਪਾਇਆ। ਇਸ ਸਿਲਸਿਲੇ ‘ਚ ਅੰਮ੍ਰਿਤਸਰ ਦਿਹਾਤੀ ਪੁਲਿਸ ਅਧੀਨ ਅਜਨਾਲਾ ਪੁਲਿਸ ਨੇ ਅੱਜ ਦੋ ਸਮਗਲਰਾਂ ਨੂੰ 1270 ਗ੍ਰਾਮ ਹੈਰੋਇਨ ਤੇ ਚੀਨੀ ਪਿਸਤੌਲ ਨਾਲ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਸਮੱਗਲਰਾਂ ਦਾ ਸ਼ੇਰਾ ਨਾਲ ਸਬੰਧ ਹੋਣ ਦਾ ਸ਼ੱਕ ਹੈ ਕਿਉਂਕਿ ਦੋਵਾਂ ਦਾ ਜ਼ਿਕਰ ਪੁੱਛਗਿੱਛ ਦੌਰਾਨ ਸ਼ੇਰਾ ਵੱਲੋਂ ਕੀਤਾ ਗਿਆ ਸੀ। ਸ਼ੇਰਾ ਨੂੰ ਰਿਮਾਂਡ ‘ਤੇ ਲਏ ਜਾਣ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਦਿਨਾਂ ‘ਚ 23 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਇਸ ਬਾਰੇ ਗੱਲ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਪੁਲਿਸ ਨੇ ਸੁਖਵਿੰਦਰ ਸਿੰਘ ਤੇ ਨਿਰਭੈਰ ਸਿੰਘ ਵਾਸੀ ਅਜਨਾਲਾ ਕੋਲੋਂ ਤਲਾਸ਼ੀ ਦੌਰਾਨ ਉਕਤ ਹੈਰੋਇਨ ਬਰਾਮਦ ਕੀਤੀ ਹੈ। ਦੋਵੇਂ ਹੈਰੋਇਨ ਦਾ ਕੰਮ ਵੱਡੇ ਪੱਧਰ ‘ਤੇ ਕਰਦੇ ਸੀ। ਇਸ ਦੇ ਨਾਲ ਹੀ ਦੋਵਾਂ ਕੋਲੋਂ ਇੱਕ ਚੀਨੀ ਪਿਸਤੌਲ ਤੇ ਅੱਠ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਐਸਐਸਪੀ ਨੇ ਦੱਸਿਆ ਕਿ ਦੋਵਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁਲਿਸ ਨੂੰ ਸ਼ੱਕ ਹੈ ਕਿ ਉਹ ਹੈਰੋਇਨ ਪਾਕਿਸਤਾਨ ਪਾਸਿਓ ਮੰਗਵਾ ਰਹੇ ਸੀ। ਇਸ ਦੀ ਪੁਸ਼ਟੀ ਉਹ ਇਨ੍ਹਾਂ ਤੋਂ ਪੁੱਛਗਿੱਛ ਦੌਰਾਨ ਹੀ ਕਰ ਸਕਣਗੇ।

  • Topics :

Related News