ਅਗਲੇ ਸਾਲ ਵਿਸ਼ਵ ਪੱਧਰ ਉੱਤੇ ਮਨਾਇਆ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ

Oct 10 2018 03:12 PM
ਅਗਲੇ ਸਾਲ ਵਿਸ਼ਵ ਪੱਧਰ ਉੱਤੇ ਮਨਾਇਆ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ

ਨਵੀਂ ਦਿੱਲੀ—

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਭਾਰਤ ਸਰਕਾਰ ਵੱਲੋਂ ਅਗਲੇ ਸਾਲ ਵਿਸ਼ਵ ਪੱਧਰ ਉੱਤੇ ਮਨਾਇਆ ਜਾਵੇਗਾ। ਮੰਗਲਵਾਰ ਨੂੰ ਇਹ ਫੈਸਲਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਉੱਚ ਪੱਧਰੀ ਕੌਮੀ ਅਮਲ ਕਮੇਟੀ (ਐੱਨਆਈਸੀ) ਵੱਲੋਂ ਕੀਤਾ ਗਿਆ ਹੈ। ਮੀਟਿੰਗ ਤੋਂ ਬਾਅਦ ਫੈਸਲੇ ਬਾਰੇ ਸੱਭਿਆਚਾਰਕ ਮਾਮਲਿਆਂ ਦੇ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੇ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ। 
ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ ਤੇ ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਵਿੱਚ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਲੋੜੀਂਦੇ ਫੰਡ ਕੇਂਦਰ ਵੱਲੋਂ ਦਿੱਤੇ ਜਾਣਗੇ।

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਕੌਮੀ ਅਮਲ ਕਮੇਟੀ ਦੀ ਬੈਠਕ ਦੌਰਾਨ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ 100ਵਾਂ ਸਾਲ, ਸਤਿਗੁਰੂ ਰਾਮ ਸਿੰਘ ਦਾ 200ਵਾਂ ਜਨਮ ਦਿਹਾੜਾ ਅਤੇ ਗਵਾਲੀਅਰ ਰਾਜ ਘਰਾਣੇ ਦੀ 'ਰਾਜਮਾਤਾ' ਵਿਜੈ ਰਾਜੇ ਸਿੰਧੀਆ ਦਾ ਜਨਮ ਦਿਨ ਵੀ ਅਗਲੇ ਸਾਲ ਮਨਾਏ ਜਾਣ ਦਾ ਫੈਸਲਾ ਵੀ ਕੀਤਾ ਗਿਆ ਹੈ।ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਫੈਸਲਾ ਕੀਤਾ ਜਾ ਚੁੱਕਾ ਹੈ ਕਿ ਪਹਿਲੀ ਪਾਤਸ਼ਾਹੀ ਦਾ 550ਵਾਂ ਪ੍ਰਕਾਸ਼ ਦਿਹਾੜਾ 'ਵਿਸ਼ਵ ਭਾਈਚਾਰਾ ਦਿਵਸ' ਵਜੋਂ ਮਨਾਇਆ ਜਾਵੇਗਾ। ਇਸ ਵਿੱਚ ਭਾਰਤੀ ਸੱਭਿਆਚਾਰਕ ਸਬੰਧ ਕੌਂਸਲ (ਆਈ. ਸੀ. ਸੀ. ਆਰ.) ਵਲੋਂ ਵਿਸ਼ਵ ਵਿੱਚ ਸਥਿਤ ਭਾਰਤੀ ਕੌਂਸਲਖਾਨਿਆਂ ਦੀ ਸਹਾਇਤਾ ਨਾਲ ਸਮਾਗਮ ਕਰਵਾਏ ਜਾਣਗੇ। ਕੌਮੀ ਅਮਲ ਕਮੇਟੀ (ਐੱਨ.ਆਈ.ਸੀ.) ਦੀ ਬੈਠਕ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਆਗੂ ਸ਼ਾਮਲ ਸਨ।

© 2016 News Track Live - ALL RIGHTS RESERVED